ਸੰਜੀਵ ਹਾਂਡਾ
ਫਿਰੋਜ਼ਪੁਰ, 20 ਮਈ
ਇਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਜਾਮਨੀ ਸਾਹਿਬ ਵਿੱਚ 25 ਬੈੱਡਾਂ ਦੇ ਕਰੋਨਾ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਘਰੇਲੂ ਤੇ ਉਦਯੋਗਿਕ ਖੇਤਰਾਂ ਦੇ ਛੇ ਮਹੀਨਿਆਂ ਦੇ ਬਿਜਲੀ ਬਿੱਲ ਮੁਆਫ਼ ਕਰੇ ਅਤੇ ਪਾਣੀ ਦੇ ਬਿੱਲਾਂ ਅਤੇ ਲੋਕਾਂ ਤੋਂ ਉਗਰਾਹੇ ਜਾ ਰਹੇ ਹੋਰ ਟੈਕਸਾਂ ਵਿੱਚ ਵੀ ਰਾਹਤ ਦੇਵੇ। ਇਸ ਤੋਂ ਇਲਾਵਾ ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇ। ਸ੍ਰੀ ਬਾਦਲ ਨੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਿਸ਼ਨ ਫਤਿਹ ਪ੍ਰੋਗਰਾਮਾਂ ਦੀ ਪ੍ਰਕਿਰਿਆ ਸਿਰਫ ਲੋਕ ਸੰਪਰਕ ਦਾ ਕੰਮ ਬਣ ਕੇ ਰਹਿ ਗਈ ਹੈ ਤੇ ਜ਼ਮੀਨੀ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਫੀਲਡ ਵਿੱਚ ਕੰਟਰੋਲ ਦੀ ਜ਼ਰੂਰਤ ਹੈ ਤੇ ਰੋਜ਼ਾਨਾ ਸਮੀਖਿਆ ਮੀਟਿੰਗਾਂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕੈਪਟਨ ਸਰਕਾਰ ’ਤੇ ਵੈਕਸੀਨ ਦੀ ਖ਼ਰੀਦ ਲਈ ਗਲੋਬਲ ਟੈਂਡਰ ਨਾ ਲਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਦੇ ਨਾਲ ਆਈ ਸ਼੍ਰੋਮਣੀ ਕਮੇਟੀ ਦੀ ਪ੍ਰ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਸਥਾਪਿਤ ਕੀਤਾ ਗਿਆ ਇਹ ਚੌਥਾ ਸੈਂਟਰ ਹੈ।