ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਜਨਵਰੀ
ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਅਕਾਲ ਅਕੈਡਮੀਆਂ ਦੇ ਸੰਸਥਾਪਕ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਦੇਹਾਂਤ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਕਰੜੀ ਘਾਲਣਾ ਦੁਆਰਾ ਸਿੱਖਿਆ ਦੇ ਪਸਾਰ ਲਈ ਮਾਰਗ ਦਰਸ਼ਕ ਬਣੇ। ਉਨ੍ਹਾਂ ਅਕਾਲ ਅਕੈਡਮੀਆਂ ਦੀ ਲੜੀ ਚਲਾ ਕੇ ਪੱਛੜੇ ਇਲਾਕਿਆਂ ਤੱਕ ਵਿੱਦਿਆ ਦਾ ਚਾਨਣ ਵੰਡਣ ਦਾ ਯਤਨ ਕੀਤਾ।
ਇਸੇ ਦੌਰਾਨ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਸਿਰੜੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਾਰਜ ਕੀਤੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਕੱਤਰ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ ਨੇ ਵੀ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।