ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਈ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮ ਸਤਵਿੰਦਰ ਕੌਰ (46) ਦਾ ਅੱਜ ਉਸ ਦੇ ਹੀ ਜਾਣਕਾਰ ਨੇ ਕਤਲ ਕਰ ਦਿੱਤਾ। ਇਸ ਦੌਰਾਨ ਉਸ ਦਾ 24 ਸਾਲਾ ਪੁੱਤਰ ਮਨਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਪਟਿਆਲਾ ਤੋਂ ਪੀਜੀਆਈ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਵਿਧਵਾ ਸਤਵਿੰਦਰ ਕੌਰ ਭਾਵੇਂ ਇੱਥੋਂ ਦੇ ਰਾਘੋ ਮਾਜਰਾ ਇਲਾਕੇ ਦੀ ਹੀ ਰਹਿਣ ਵਾਲੀ ਹੈ ਪਰ ਇੱਕ ਸਾਲ ਤੋਂ ਉਹ ਗੁਰਦੁਆਰੇ ਦੇ ਕੁਆਰਟਰਾਂ ’ਚ ਆਪਣੇ ਪੁੱਤਰ ਸਮੇਤ ਰਹਿ ਰਹੀ ਸੀ। ਮੁਢਲੀ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਸਥਾਨਕ ਸ਼ਹਿਰ ਦਾ ਵਸਨੀਕ ਹਰਪ੍ਰੀਤ ਸਿੰਘ ਬੌਬੀ, ਸਤਵਿੰਦਰ ’ਤੇ ਉਸ ਨਾਲ ਵਿਆਹ ਕਰਵਾਉਣ ਦਾ ਦਬਾਅ ਪਾ ਰਿਹਾ ਸੀ ਪਰ ਸਤਵਿੰਦਰ ਇਨਕਾਰ ਕਰ ਰਹੀ ਸੀ। ਇਸੇ ਤੋਂ ਖਫਾ ਹੋ ਕੇ ਉਸ ਨੇ ਬੀਤੀ ਰਾਤ ਉਨ੍ਹਾਂ ਦੇ ਘਰ ਆ ਕੇ ਮਾਂ-ਪੁੱਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਗੁਰਦੁਆਰੇ ਦੇ ਐਡੀਸ਼ਨਲ ਮੈਨੇਜਰ ਕਰਨੈਲ ਵਿਰਕ ਸਮੇਤ ਹੋਰ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਮਨਪ੍ਰੀਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ ਪਰ ਸਤਵਿੰਦਰ ਕੌਰ ਉੱਥੇ ਹੀ ਦਮ ਤੋੜ ਗਈ। ਅੱਜ ਸ਼ਾਮ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ।
ਡੀਐੱਸਪੀ ਸਿਟੀ-2 ਮੋਹਿਤ ਅਗਰਵਾਲ ਨੇ ਦੱਸਿਆ ਕਿ ਥਾਣਾ ਅਨਾਜ ਮੰਡੀ ਦੇ ਮੁਖੀ ਗਗਨਦੀਪ ਸਿੱਧੂ ਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਹਰਪ੍ਰੀਤ ਸਿੰਘ ਬੌਬੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਧਾਰਾ 302 ਅਤੇ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ।