ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੁਲਾਈ
ਅੰਬਾਲਾ ਦੇ ਪਿੰਡ ਬਬਿਆਲ ਦੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਰਬਉੱਚ ਹਨ, ਜਿਨ੍ਹਾਂ ਪ੍ਰਤੀ ਹਰ ਸਿੱਖ ਦੇ ਮਨ ਵਿੱਚ ਸ਼ਰਧਾ ਤੇ ਸਤਿਕਾਰ ਹੈ। ਸਿੱਖ ਗੁਰਬਾਣੀ ਦੀ ਬੇਅਦਬੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅੰਬਾਲਾ ਵਿੱਚ ਬਬਿਆਲ ਦੇ ਮੇਨ ਬਾਜ਼ਾਰ ਸਥਿਤ ਗੁਰਦੁਆਰੇ ਵਿੱਚ ਪਾਵਨ ਸਰੂਪ ਦੇ ਅੰਗ ਪਾੜ ਕੇ ਪੀੜ੍ਹਾ ਸਾਹਿਬ ਤੋਂ ਥੱਲੇ ਸੁੱਟੇ ਗਏ ਹਨ। ਘਟਨਾ ਦਾ ਪਤਾ ਲਗਣ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਸਮੇਤ ਹੋਰ ਸਿੱਖਾਂ ਨੇ ਘਟਨਾ ਸਥਾਨ ’ਤੇ ਜਾ ਕੇ ਜਾਇਜ਼ਾ ਲਿਆ ਤੇ ਮਗਰੋਂ ਮਹੇਸ਼ ਨਗਰ ਥਾਣੇ ਵਿੱਚ ਪਰਚਾ ਦਰਜ਼ ਕਰਵਾਇਆ ਹੈ।