ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਅਕਤੂਬਰ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਲਹਿਰ ਦੇ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਕਿਆਂ ਦੇ ਸ਼ਿਕੰਜੇ ਵਿੱਚੋਂ ਆਜ਼ਾਦ ਕਰਵਾਉਣਾ ਜ਼ਰੂਰੀ ਹੈ।
ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਗੁਰੂ ਘਰਾਂ ਤੋਂ ਨਰੈਣੂ ਮਹੰਤਾਂ ਦੇ ਕਬਜ਼ੇ ਛੁਡਾਉਣ ਲਈ ਅਨੇਕਾਂ ਸ਼ਹੀਦੀਆਂ ਦੇਣ ਮਗਰੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਤ ਕੀਤੀ ਗਈ ਸੀ। ਪਰ ਜਦੋਂ ਤੋਂ ਇਸ ’ਤੇ ਬਾਦਲਕਿਆਂ ਦਾ ਕਬਜ਼ਾ ਹੋਇਆ ਹੈ ਉਦੋਂ ਤੋਂ ਹੀ ਪੰਥਕ ਵਿਰੋਧੀ ਸ਼ਕਤੀਆਂ ਨੇ ਇਸ ਪਰਿਵਾਰ ਰਾਹੀਂ ਸਿੱਖੀ ਸਿਧਾਂਤਾਂ ਨੂੰ ਵੱਡਾ ਖੋਰਾ ਲਾਇਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਕਥਿਤ ਤੌਰ ’ਤੇ ਬਾਦਲ ਸਰਕਾਰ ਵੱਲੋਂ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਗੁੰਮ ਕਰਨ ਵਾਲੀ ਘਟਨਾ ਵੀ ਬਹੁਤ ਨਿੰਦਣਯੋਗ ਤੇ ਇਨ੍ਹਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਬਾਦਲ ਪਰਿਵਾਰ ਨੇ ਹੀ ਰੋਕੀਆਂ ਹੋਈਆਂ ਹਨ।
ਭਾਈ ਰਣਜੀਤ ਸਿੰਘ ਨੇ ਸੱਦਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਪੰਥਕ ਸੋਚ ਦੇ ਧਾਰਨੀ ਨੁਮਾਇੰਦਿਆਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਨੇ ਹਰ ਸਿੱਖ ਨੂੰ ਆਪਣੀਆਂ ਧਾਰਮਿਕ ਸੰਸਥਾਵਾਂ ਦਾ ਕੰਟਰੋਲ ਪੰਥ ਦੇ ਹਵਾਲੇ ਕਰਨ ਲਈ ਪਾਰਟੀਆਂ ਤੇ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਇਕਮੁੱਠ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਸੰਗਤ ਵਿੱਚ ਮਲਕੀਤ ਸਿੰਘ, ਇੰਦਰਜੀਤ ਸਿੰਘ ਤੂਰ, ਜਗਮੀਤ ਸਿੰਘ ਬਲਿਆਲ, ਗੁਰਦੀਪ ਸਿੰਘ ਕਾਲਾਝਾੜ, ਰਜਿੰਦਰ ਸਿੰਘ ਛੰਨਾ ਅਤੇ ਮੇਜਰ ਸਿੰਘ ਝਨੇੜੀ ਆਦਿ ਤੋ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।