ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਮਈ
ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਚੋਣਾਂ ਸਬੰਧੀ ਤਿਆਰੀਆਂ ਦੇ ਮੱਦੇਨਜ਼ਰ ਮੁਲਾਜ਼ਮ ਵਰਗ ਨੂੰ ਇਕਮੁੱਠ ਕਰਨ ਲਈ ਪੰਜਾਬ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਪ੍ਰਮੱਖ ਆਗੂਆਂ ਦੀ ਅਗਵਾਈ ਹੇਠ ‘ਮੁਲਾਜ਼ਮ ਫਰੰਟ ਪੰਜਾਬ’ ਦੇ ਪੁਨਰ ਗਠਨ ਦਾ ਐਲਾਨ ਕੀਤਾ ਹੈ। ਇਸ ਵਿੱਚ ਬਿਜਲੀ ਮੁਲਾਜ਼ਮ ਲਹਿਰ ਦੇ ਆਗੂ ਮਨਜੀਤ ਸਿੰਘ ਚਾਹਲ ਨੂੰ ਫਰੰਟ ਦਾ ਸਕੱਤਰ ਜਨਰਲ, ਜਦੋਂ ਕਿ ਪ੍ਰਧਾਨਗੀ ਦਾ ਜਿੰਮਾ ਬਾਜ ਸਿੰਘ ਖਹਿਰਾ ਨੂੰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਜਨਰਲ ਸਕੱਤਰ ਦੀ ਵਾਂਗਡੋਰ ਗੁਰਜੀਤ ਸਿੰਘ ਲਾਲਿਆਂ ਵਾਲੀ ਨੂੰ ਸੌਂਪੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਦੀ ਸਲਾਹ ਨਾਲ ਪੁਨਰ ਗਠਿਤ ਕੀਤੇ ਗਏ ਮੁਲਾਜ਼ਮ ਫਰੰਟ ਪੰਜਾਬ ਦਾ ਵੱਖ ਵੱਖ ਮੁਲਾਜ਼ਮ ਧਿਰਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਸਕੱਤਰ ਜਨਰਲ ਚਾਹਲ ਨੇ ਦੱਸਿਆ ਕਿ ਫਰੰਟ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।
ਇਸੇ ਦੌਰਾਨ ਅਧਿਆਪਕ ਦਲ ਪੰਜਾਬ ਦੇ ਚੇਅਰਮੈਨ ਤੇਜਿੰਦਰ ਸਿੰਘ ਸੰਘਰੇੜੀ, ਪ੍ਰਧਾਨ ਗੁਰਜੰਟ ਸਿੰਘ ਵਾਲੀਆਂ, ਐਂਪਲਾਈਜ਼ ਫੈਡਰੇਸ਼ਨ ਚਾਹਲ ਦੇ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ, ਕਰਮਚਾਰੀ ਦਲ ਪੰਜਾਬ ਦੇ ਪ੍ਰਧਾਨ ਗੁਰਚਰਨ ਸਿੰਘ ਕੌਲੀ, ਸੁਖਬੀਰ ਸਿੰਘ ਸਮਾਣਾ, ਪੀਆਰਟੀਸੀ ਦੇ ਸੂਬਾਈ ਆਗੂ ਜਰਨੈਲ ਸਿੰਘ, ਵਰਿੰਦਰਜੀਤ ਸਿੰਘ ਬਜਾਜ ਪ੍ਰੈਸ ਸਕੱਤਰ ਅਧਿਆਪਕ ਦਲ ਪੰਜਾਬ ਅਤੇ ਨਗਰ ਨਿਗਮ ਤਾਲਮੇਲ ਦਲ ਦੇ ਕੁਲਦੀਪ ਸਿੰਘ ਪੰਡੋਰੀ ਨੇ ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਮੁਲਾਜ਼ਮ ਲਹਿਰ ਨੂੰ ਮਜ਼ਬੂਤ ਕਰਕੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ।