ਪੱਤਰ ਪ੍ਰੇਰਕ
ਬੁਢਲਾਡਾ, 2 ਜਨਵਰੀ
ਇੱਥੋਂ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਚਤਿੰਨ ਸਿੰਘ ਸਮਾਓਂ ਦੇ ਵੱਡੇ ਪੁੱਤਰ ਮਲਕੀਤ ਸਿੰਘ ਨੂੰ ਅੱਜ ਆਪਣੀ ਪਾਰਟੀ ’ਚ ਸ਼ਾਮਲ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਦਲ ਸੂਬੇ ’ਚੋਂ ਆਪਣੀ ਸਾਖ ਗਵਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਸੂਬੇ ’ਚ ਲੱਗੇ ਕਾਰਪੋਰੇਟ ਘਰਾਣਿਆਂ ਦੇ ਟਾਵਰਾਂ, ਸੂਰਜੀ ਊਰਜਾ ਵਾਲੇ ਥਰਮਲਾਂ ਵਿੱਚ ਸੁਖਬੀਰ ਬਾਦਲ ਅਤੇ ਉਸ ਦੇ ਜੋਟੀਦਾਰ ਹਿੱਸੇਦਾਰ ਹਨ। ਅਕਾਲੀ ਦਲ ਇੱਕ ਵਪਾਰੀ ਪਾਰਟੀ ਬਣ ਕੇ ਰਹਿ ਗਿਆ ਹੈ। ਹੁਣ ਬਾਦਲ ਦਲ ਕੋਲ ਪੰਜਾਬ ਦੇ ਲੋਕਾਂ ਵਿੱਚ ਵਿਚਰਨ ਲਈ ਕੋਈ ਮੁੱਦਾ ਨਹੀਂ ਰਿਹਾ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਬਚਾਉਣ ਲਈ ਆਰੰਭਿਆ ਸੰਘਰਸ਼ ਕੌਮਾਂਤਰੀ ਪਛਾਣ ਬਣਾ ਚੁੱਕਾ ਹੈ, ਜੋ ਇੱਕ ਵੱਖਰਾ ਇਤਿਹਾਸ ਸਿਰਜੇਗਾ।
ਅਕਾਲੀ ਦਲ ’ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੋਗਲੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਬਿੱਲਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਿਆ ਸੀ ਤੇ ਬਾਅਦ ਵਿੱਚ ਜਦੋਂ ਵੱਡੇ ਪੱਧਰ ’ਤੇ ਇਸ ਦਾ ਵਿਰੋਧ ਹੋਣ ਲੱਗਿਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਤੀਕਸ਼ਨ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੁਝ ਸ਼ਰਾਰਤੀ ਅਨਸਰਾਂ ਦਾ ਕੰਮ ਹੈ, ਜੋ ਕਿਸਾਨੀ ਅੰਦੋਲਨ ਨੂੰ ਫਿੱਕਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।