ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਜਨਵਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਸਥਾਨਕ ਆਗੂ ਪਰਵਿੰਦਰ ਸਿੰਘ ਬੈਦਵਾਨ ਸੋਹਾਣਾ ਨੂੰ ਮੁਹਾਲੀ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਰਵਿੰਦਰ ਸਿੰਘ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਮੁਹਾਲੀ ਵਿੱਚ ਸੰਘਰਸ਼ ਨੂੰ ਭਖਾ ਕੇ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਪਿਤਾ ਭਗਤ ਸਿੰਘ ਬੈਦਵਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇੜਲੇ ਸਾਥੀਆਂ ’ਚੋਂ ਇਕ ਸਨ ਅਤੇ ਕਾਫ਼ੀ ਸਮਾਂ ਪਿੰਡ ਦੇ ਸਰਪੰਚ ਰਹੇ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਵਿੰਦਰ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਬਾਖ਼ੂਬੀ ਨਾਲ ਸਾਂਭਿਆ ਹੈ। ਮੌਜੂਦਾ ਸਮੇਂ ’ਚ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਭਰੋਸੇਯੋਗ ਆਗੂਆਂ ’ਚ ਗਿਣੇ ਜਾਂਦੇ ਹਨ।