ਨਿੱਜੀ ਪੱਤਰ ਪ੍ਰੇਰਕ
ਬਟਾਲਾ, 15 ਫਰਵਰੀ
ਸ਼੍ਰੋਮਣੀ ਅਕਾਲੀ ਦਲ ਹਾਈ ਕਮਾਨ ਨੇ ਸਰਹੱਦੀ ਜ਼ਿਲ੍ਹੇ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ।
ਇਨ੍ਹਾਂ ਵਿੱਚੋਂ ਤਿੰਨ ਚਿਹਰੇ ਤਾਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਹ ਪੰਜ ਵਿਧਾਨ ਸਭਾ ਹਲਕੇ ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਹਨ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਰਾਜਨਬੀਰ ਸਿੰਘ ਘੁਮਾਣ ਪਹਿਲੀ ਵਾਰੀ ਚੋਣ ਮੈਦਾਨ ਵਿੱਚ ਆਪਣੇ ਵਿਰੋਧੀ ਧਿਰ ਕਾਂਗਰਸ ਤੇ ‘ਆਪ’ ਨੂੰ ਟੱਕਰ ਦੇ ਰਹੇ ਹਨ। ਮੱਛੀ ਪਾਲਣ ਦੇ ਗਜ਼ਟਿਡ ਅਧਿਕਾਰੀ ਰਹੇ ਰਾਜਨਬੀਰ ਘੁਮਾਣ ਨੇ ਲਗਪਗ ਦੋ ਸਾਲ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇ ਕੇ ਸਿਆਸਤ ਵਿੱਚ ਪੈਰ ਰੱਖਿਆ। ਵਿਧਾਨ ਸਭਾ ਹਲਕਾ ਬਟਾਲਾ ਤੋਂ ਅਕਾਲੀ ਦਲ ਨੇ ਇਸ ਵਾਰ ਸੁੱਚਾ ਸਿੰਘ ਛੋਟੇਪੁਰ ਨੂੰ ਆਪਣੀ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ਹੈ। ਉਂਜ ਉਹ ਬਟਾਲਾ ਟਿਕਟ ਤੋਂ ਪਹਿਲਾਂ ਹਲਕਾ ਡੇਰਾ ਬਾਬਾ ਨਾਨਕ ਤੇ ਫਿਰ ਕਾਦੀਆਂ ਤੋਂ ਟਿਕਟ ਲੈਣ ਦੇ ਇਛੁੱਕ ਸਨ ਪਰ ਪਾਰਟੀ ਹਾਈ ਕਮਾਨ ਵੱਲੋਂ ਸਰਹੱਦੀ ਜ਼ਿਲ੍ਹੇ ’ਚ ਧੜੇਬੰਦੀ ਉਭਰਨ ਤੋਂ ਰੋਕਣ ਲਈ ਬਟਾਲਾ ਤੋਂ ਟਿਕਟ ਦੇਣੀ ਮੁਨਾਸਬ ਸਮਝੀ। ਹਲਕਾ ਕਾਦੀਆਂ ਤੋਂ ਅਕਾਲੀ ਦਲ ਵੱਲੋਂ ਗੁਰਇਕਬਾਲ ਸਿੰਘ ਮਾਹਲ ਪਹਿਲੀ ਵਾਰੀ ਚੋਣ ਪਿੜ ਵਿੱਚ ਨਿੱਤਰੇ ਹਨ। ਇਸ ਹਲਕੇ ਤੋਂ ਭਾਵੇਂ ਪਾਰਟੀ ਵੱਲੋਂ ਹੋਰ ਵੀ ਟਿਕਟ ਲੈਣ ਦੇ ਇਛੁੱਕ ਸਨ, ਪਰ ਮਾਹਲ ਟਿਕਟ ਲੈਣ ’ਚ ਸਫ਼ਲ ਰਿਹਾ। ਰਾਜ ਸਭਾ ਮੈਂਬਰ ਤੇ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਤੇ ‘ਆਪ’ ਦੇ ਜਗਰੂਪ ਸਿੰਘ ਸੇਖਵਾਂ ਨਾਲ ਮੁਕਾਬਲਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਫਰਜ਼ੰਦ ਅਤੇ ਰਵੀਕਰਨ ਸਿੰਘ ਕਾਹਲੋਂ ਨੂੰ ਡੇਰਾ ਬਾਬਾ ਨਾਨਕ ਤੋਂ ਪਹਿਲੀ ਵਾਰੀ ਟਿਕਟ ਦਿੱਤੀ ਹੈ। ਉਮੀਦਵਾਰ ਕਾਹਲੋਂ ਦੇ ਪਿਤਾ ਦਾ ਇਹ ਪੁਰਾਣਾ ਹਲਕਾ ਹੈ। ਉਸ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੈ। ਬਟਾਲਾ ਹਲਕੇ ਨਾਲ ਲੱਗਦੇ ਵਿਧਾਨ ਸਭਾ ਫਤਹਿਗੜ੍ਹ ਚੂੜੀਆਂ ਤੋਂ ਲਖਬੀਰ ਸਿੰਘ ਲੋਧੀਨੰਗਲ ਚੋਣ ਲੜ ਰਹੇ ਹਨ। ਉਹ ਪਹਿਲਾਂ ਹਲਕਾ ਕਾਦੀਆਂ ਤੇ 2017 ’ਚ ਬਟਾਲਾ ਹਲਕਾ ਤੋਂ ਵਿਧਾਇਕ ਬਣੇ। ਉਸ ਦਾ ਪਿੰਡ ਲੋਧੀਨੰਗਲ ਵੀ ਹਲਕਾ ਫਤਹਿਗੜ੍ਹ ਚੂੜੀਆਂ ’ਚ ਪੈਂਦਾ ਹੈ। ਉਹ ਇਸ ਹਲਕੇ ਤੋਂ ਪਹਿਲੀ ਵਾਰੀ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਅਕਾਲੀ ਦਲ ਵੱਲੋਂ ਪੰਜ ਹਲਕਿਆਂ ਤੋਂ ਉਤਾਰੇ ਨਵੇਂ ਉਮੀਦਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ’ਚ ਕਿੰਨੇ ਕੁ ਸਫ਼ਲ ਹੁੰਦੇ ਹਨ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ।