ਮਹਿੰਦਰ ਸਿੱਘ ਰੱਤੀਆਂ
ਮੋਗਾ, 16 ਮਈ
ਆਪਣੀਆਂ ਲਿਖਤਾਂ ਰਾਹੀਂ ਲੋਕਾਂ ਦੇ ਦਰਦਾਂ ਦੀ ਬਾਤ ਪਾਉਣ ਵਾਲੇ ਸ਼ਾਇਰ ਮਹਿੰਦਰ ਸਾਥੀ ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਉਸ ਨੇ ਗੁਰਦੇਵ ਹਸਪਤਾਲ ਨੂਰਪੁਰ ਬੇਦੀ ’ਚ ਆਖਰੀ ਸਾਹ ਲਏ। ਮੋਗਾ ਵਿੱਚ ਪੱਟੀਵਾਲੀ ਗਲੀ (ਗੋਬਿੰਦ ਨਗਰ) ਦੇ ਖਸਤਾਹਾਲ ਮਕਾਨ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਮਹਿੰਦਰ ਸਾਥੀ ਨੇ ਸਾਰੀ ਉਮਰ ਸਰਕਾਰੀ ਸਨਮਾਨਾਂ ਦੀ ਝਾਕ ਨਹੀਂ ਰੱਖੀ। ਉਸ ਨੇ ਹਮੇਸ਼ਾ ਗਰੀਬਾਂ ਅਤੇ ਮਜ਼ੂਦਰਾਂ ਨਾਲ ਖੜ੍ਹੇ ਹੋਣ ਨੂੰ ਪਹਿਲ ਦਿੱਤੀ। ਉਸ ਦੀ ਪਤਨੀ ਰਾਮ ਦੁਲਾਰੀ ਵੀ ਹਸਪਤਾਲ ਜ਼ੇਰੇ ਇਲਾਜ ਹੈ। ਇਸ ਦੌਰਾਨ ਲੋਕ ਸਾਹਿਤ ਅਕਾਦਮੀ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ, ਪ੍ਰਧਾਨ ਬਲਦੇਵ ਸਿੰਘ ਸੜਕਨਾਮਾ, ਲੋਕ ਸੰਗਰਾਮ ਮੰਚ ਦੇ ਸੂਬਾਈ ਪ੍ਰਧਾਨ ਤਾਰਾ ਸਿੰਘ ਮੋਗਾ, ਬੂਟਾ ਗੁਲਾਮੀਵਾਲਾ, ਅਮਰ ਸੂਫੀ, ਲਿਖਾਰੀ ਸਭਾ ਦੇ ਪ੍ਰਧਾਨ ਪ੍ਰੋ. ਸੁਰਜੀਤ ਕਾਉਂਕੇ ਤੇ ਜੰਗੀਰ ਸਿੰਘ ਖੋਖਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਪੱਤਰ ਪ੍ਰੇਰਕ): ਉੱਤਰੀ ਭਾਰਤ ਦੇ ਇਨਕਲਾਬੀ ਮੰਚਾਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਮੁਜ਼ਾਹਰਿਆਂ ਵਿੱਚ ਗੂੰਜਣ ਵਾਲੀ ਗ਼ਜ਼ਲ ‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ’ ਲਿਖਣ ਵਾਲੇ ਮਹਿੰਦਰ ਸਾਥੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਮਹਿੰਦਰ ਸਾਥੀ ਦੇ ਤੁਰ ਜਾਣ ਨਾਲ ਅਸੀਂ ਸੁਹਿਰਦ ਲੇਖਕ ਦੀ ਅਗਵਾਈ ਤੋਂ ਵਾਂਝੇ ਹੋ ਗਏ ਹਾਂ। ਉਹ ਖ਼ੁੱਦਾਰ ਸ਼ਾਇਰ ਸੀ। ਬੇ-ਮਕਸਦ ਸ਼ਾਇਰੀ ਨੂੰ ਉਸ ਨੇ ਗੁਨਾਹ ਸਮਝਿਆ। ਉਸ ਨੂੰ ਇਹ ਅਹਿਸਾਸ ਸੀ ਕਿ ਉਸ ਨੇ ਸਦੀਆਂ ਤੋਂ ਲਤਾੜੇ ਅਤੇ ਖ਼ਾਮੋਸ਼ ਕਰ ਦਿੱਤੇ ਗਏ ਗੂੰਗੇ ਇਤਿਹਾਸ ਨੂੰ ਜ਼ੁਬਾਨ ਦੇਣੀ ਹੈ।