ਜੋਗਿੰਦਰ ਸਿੰਘ ਮਾਨ/ਪੀਟੀਆਈ
ਮਾਨਸਾ/ਚੰਡੀਗੜ੍ਹ, 10 ਜਨਵਰੀ
ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਐਤਵਾਰ ਨੂੰ ਹੱਡ-ਚੀਰਵੀਂ ਠੰਢ ਦਾ ਜ਼ੋਰ ਜਾਰੀ ਰਿਹਾ, ਜਦੋਂਕਿ ਕਈ ਖੇਤਰਾਂ ਵਿੱਚ ਧੁੰਦ ਦੀ ਪਤਲੀ ਚਾਦਰ ਪੱਸਰੀ ਰਹੀ। ਧੁੰਦ ਕਾਰਨ ਚੰਡੀਗੜ੍ਹ ਵਿੱਚ ਦੇਖਣ ਹੱਦ ਦੀ ਸਮਰੱਥਾ ਘੱਟ ਰਹੀ। ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਹਰਿਆਣਾ ਦੇ ਅੰਬਾਲਾ, ਹਿਸਾਰ ਅਤੇ ਕਰਨਾਲ ਵਿੱਚ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 7.5, 7 ਅਤੇ 8 ਡਿਗਰੀ ਸੈਲਸੀਅਸ ਰਿਹਾ। ਮੌਸਮ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 8.6, 8 ਅਤੇ 8.5 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲ ਪੰਜ ਡਿਗਰੀ ਵੱਧ ਹੈ। ਪੰਜਾਬ ਦਾ ਸਭ ਤੋਂ ਠੰਢਾ ਖੇਤਰ ਫ਼ਰੀਦਕੋਟ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 5.4 ਡਿਗਰੀ ਰਿਹਾ ਜਦੋਂ ਕਿ ਸ਼ਿਮਲਾ ਦਾ ਤਾਪਮਾਨ 5.5 ਡਿਗਰੀ ਰਿਹਾ। ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 10.6, 9, 8.5, 9.3 ਅਤੇ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੜਾਕੇ ਦੀ ਠੰਢ ਨੂੰ ਜਿੱਥੇ ਖੇਤੀਬਾੜੀ ਮਹਿਕਮੇ ਦੇ ਮਾਹਿਰ ਕਣਕ ਲਈ ਲਾਹੇਵੰਦ ਦੱਸ ਰਹੇ ਹਨ, ਉੱਥੇ ਇਸ ਜ਼ੋਰਦਾਰ ਸਰਦੀ ਦੇ ਕੁਝ ਮਾੜੇ ਪਹਿਲੂ ਵੀ ਸਾਹਮਣੇ ਆਉਣ ਲੱਗੇ ਹਨ। ਇਸ ਮੌਸਮ ਨੇ ਗਰੀਬ ਲੋਕਾਂ ਦੇ ਕੰਮਕਾਰਾਂ ’ਤੇ ਮਾੜਾ ਅਸਰ ਪਾਇਆ ਹੈ ਅਤੇ ਬਹੁਤੇ ਕੰਮਾਂ ਦੇ ਰੁਕਣ ਕਰਕੇ ਦਿਹਾੜੀ ਮਿਲਣੀ ਮੁਸ਼ਕਲ ਹੋ ਗਈ ਹੈ। ਉਧਰ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਉੱਤਰੀ ਅਤੇ ਉੱਤਰੀ-ਪੱਛਮੀ ਹਵਾਵਾਂ ਚੱਲਣ ਨਾਲ 13 ਜਨਵਰੀ ਤੱਕ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ ਅਤੇ ਰਾਤ ਦਾ ਪਾਰਾ ਹੋਰ ਵੀ ਹੇਠਾ ਜਾਂਦਾ ਰਹੇਗਾ, ਜਦੋਂ ਕਿ 10-15 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਢੀ ਹਵਾ ਪਾਲੇ ਨੂੰ ਹੋਰ ਵਧਾਏਗੀ। ਇਸ ਭਾਰੀ ਠੰਢ ਸਦਕਾ ਛੋਟੇ ਕਾਰੋਬਾਰੀ ਅਤੇ ਦੁਕਾਨਦਾਰ ਵੀ ਇਸ ਮੌਸਮ ਤੋਂ ਪ੍ਰੇਸ਼ਾਨ ਹਨ। ਜੇਕਰ ਹਫ਼ਤਾ ਭਰ ਅਜਿਹਾ ਹੋਰ ਮੌਸਮ ਜਾਰੀ ਰਹਿੰਦਾ ਹੈ ਤਾਂ ਇਸਦਾ ਕਈ ਫ਼ਸਲਾਂ ਜਿਵੇਂ ਸਰ੍ਹੋਂ, ਆਲੂ, ਤਾਰਾਮੀਰਾ, ਸ਼ਿਮਲਾ ਮਿਰਚ ਤੇ ਸਬਜ਼ੀਆਂ ਦੇ ਝਾੜ ਉੱਤੇ ਵੀ ਅਸਰ ਪੈ ਸਕਦਾ ਹੈ। ਖੇਤੀਬਾੜੀ ਮਹਿਕਮੇ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਮੌਸਮ ਖੁੱਲ੍ਹਣ ਤੋਂ ਬਾਅਦ ਫ਼ਸਲਾਂ ਮੁੜ ਚੰਗੀ ਹਾਲਤ ਵਿੱਚ ਟਹਿਕਣ ਲੱਗ ਪੈਣਗੀਆਂ। ਮਾਨਸਾ ਵਿੱਚ ਦਿਨ ਦਾ ਤਾਪਮਾਨ ਲੱਗਭਗ 7-8 ਡਿਗਰੀ ਸੈਂਟੀਗਰੇਡ ਹੋਣ ਕਰਕੇ ਬੱਸਾਂ ਅਤੇ ਗੱਡੀਆਂ ਵਿੱਚ ਮੁਸਾਫਰਾਂ ਦੀ ਆਵਾਜਾਈ ਵੀ ਪਹਿਲਾਂ ਦੇ ਮੁਕਾਬਲੇ ਅੱਧੀ ਰਹਿ ਗਈ ਹੈ।