ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੂਨ
ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਅਰਜਨ ਨੂੰ ਅੱਜ ਦਿੱਲੀ ਪੁਲੀਸ ਰਾਜਧਾਨੀ ਲੈ ਗਈ। ਇਸ ਦੀ ਭਾਵੇਂ ਅਧਿਕਾਰੀ ਪੁਸ਼ਟੀ ਨਹੀਂ ਕਰ ਰਹੇ ਪਰ ਸੂਤਰ ਦੱਸਦੇ ਹਨ ਕਿ ਉਸ ਨੂੰ ਸਿੱੱਧੂ ਮੂਸੇਵਾਲਾ ਕਤਲ ਕੇਸ ਸਬੰੰਧੀ ਪੁੱਛ-ਪੜਤਾਲ ਲਈ ਲਿਜਾਇਆ ਗਿਆ ਹੈ। ਉਸ ਦਾ ਨਾਮ ਇਸ ਕਤਲ ਕੇਸ ਲਈ ਵਰਤੇ ਹਥਿਆਰਾਂ ਦਾ ਪ੍ਰਬੰਧ ਕਰਨ ’ਚ ਸਾਹਮਣੇ ਆਇਆ ਹੈ। ਉਸ ਨੂੰ ਅਦਾਲਤ ਤੋਂ ਹਾਸਲ ਕੀਤੇ ਪ੍ਰੋਡਕਸ਼ਨ ਵਾਰੰਟਾਂ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਜਾਇਆ ਗਿਆ। ਅਰਜਨ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਆਦਿ ’ਚ ਕਤਲ, ਇਰਾਦਾ ਕਤਲ, ਡਕੈਤੀ, ਫਿਰੌਤੀ ਅਤੇ ਲੁੱਟ ਖੋਹ ਵਰਗੀਆਂ ਸੰਗੀਨ ਵਾਰਦਾਤਾਂ ਤਹਿਤ ਕੇਸ ਦਰਜ ਹਨ। ਹੁਸ਼ਿਆਰਪੁਰ ਦੇ ਕੀਰਤੀ ਨਗਰ ਦਾ ਮੂਲ ਨਿਵਾਸੀ ਨਰੇਸ਼ ਕੁਮਾਰ ਪੁਲੀਸ ਰਿਕਾਰਡ ਮੁਤਾਬਿਕ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਤੇ ਸ਼ਾਰਪ ਸ਼ੂਟਰ ਹੈ।