ਬਠਿੰਡਾ (ਸ਼ਗਨ ਕਟਾਰੀਆ): ਕਿਸਾਨਾਂ ਦੇ ਰੋਹ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਮਿੱਥੀ ਜਗ੍ਹਾ ਦੀ ਥਾਂ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਕਿਸੇ ਗੁਪਤ ਥਾਂ ’ਤੇ ਵਰਕਰ ਮੀਟਿੰਗ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸ਼ਰਮਾ ਦਾ ਅੱਜ ਇੱਥੇ ਛਾਬੜਾ ਪੈਲੇਸ ’ਚ ਆਉਣ ਦਾ ਪ੍ਰੋਗਰਾਮ ਸੀ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਬਠਿੰਡਾ ਲਈ ਕੌਂਸਲਰ ਵਜੋਂ ਚੋਣ ਲੜਨ ਵਾਲੇ ਉਮੀਦਵਾਰਾਂ ਤੇ ਪਾਰਟੀ ਵਰਕਰਾਂ ਨੂੰ ਮੁਖ਼ਾਤਬਿ ਹੋਣਾ ਸੀ। ਉਨ੍ਹਾਂ ਦੀ ਮੀਟਿੰਗ ਵਾਲੀ ਥਾਂ ’ਤੇ ਪੁਲੀਸ ਵੱਲੋਂ ਆਈਜੀ ਬਠਿੰਡਾ ਅਤੇ ਐੱਸਐੱਸਪੀ ਦੀ ਹਾਜ਼ਰੀ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਮਾਹੌਲ ਖ਼ਰਾਬ ਨਾ ਹੋ ਸਕੇ। ਉਧਰ ਕਨਸੋਅ ਮਿਲਦਿਆਂ ਹੀ ਜਿਵੇਂ ਕਿਸਾਨਾਂ ਦਾ ਕਾਫ਼ਲਾ ਨਾਅਰੇਬਾਜ਼ੀ ਕਰਦਾ ਪੈਲੇਸ ਵੱਲ ਵਧਿਆ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਮਗਰੋਂ ਕਿਸਾਨ ਉਸੇ ਥਾਂ ਧਰਨੇ ’ਤੇ ਬੈਠ ਗਏ। ਹਾਲਾਂਕਿ ਸ਼ਾਮ ਤੱਕ ਪੈਲੇਸ ਵਿਚ ਭਾਜਪਾ ਦਾ ਕੋਈ ਵੀ ਵਰਕਰ ਮੌਜੂਦ ਨਹੀਂ ਸੀ। ਸ਼ਾਮ ਵੇਲੇ ਸ੍ਰੀ ਸ਼ਰਮਾ ਬਠਿੰਡਾ ਪੁੱਜੇ ਤਾਂ ਉਨ੍ਹਾਂ ਦੀਆਂ ਗੱਡੀਆਂ ਦਾ ਕਾਫ਼ਲਾ ਹਨੂੰਮਾਨ ਚੌਕ ਤੋਂ ਪੈਲੇਸ ਵੱਲ ਮੁੜਨ ਦੀ ਬਜਾਏ ਸਿੱਧਾ ਬਠਿੰਡਾ-ਡੱਬਵਾਲੀ ਰੋਡ ’ਤੇ ਏਮਜ਼ ਨੇੜੇ ਪਹੁੰਚ ਗਿਆ, ਜਿੱਥੇ ਉਨ੍ਹਾਂ ਵਰਕਰਾਂ ਨਾਲ ਸੰਖੇਪ ਮੀਟਿੰਗ ਕੀਤੀ ਤੇ ਅੱਗੇ ਰਵਾਨਾ ਹੋ ਗਏ।