ਪਾਲ ਸਿੰਘ ਨੌਲੀ
ਜਲੰਧਰ, 4 ਅਪਰੈਲ
ਨਕੋਦਰ ਇਲਾਕੇ ਦੇ ਪਿੰਡ ਸ਼ੰਕਰ ਵਿੱਚ ਬਣੀ ਪੁਲੀਸ ਚੌਕੀ ਵਿੱਚ ਅੱਚ ਇੱਕ ਨੌਜਵਾਨ ਦੀ ਹਿਰਾਸਤ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਉਰਫ਼ ਵਿੱਕੀ (22) ਵਾਸੀ ਬਜੂਹਾਂ ਵਜੋਂ ਹੋਈ ਹੈ। ਮ੍ਰਿਤਕ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪੁਲੀਸ ਨੇ ਬੀਤੀ ਦੇਰ ਸ਼ਾਮ ਲੁੱਟ-ਖੋਹ ਦੇ ਦੋਸ਼ ਹੇਠ ਵਿੱਕੀ ਨੂੰ ਪਿੰਡੋਂ ਚੁੱਕਿਆ ਸੀ। ਅੱਜ ਸਵੇਰੇ ਪੁਲੀਸ ਚੌਕੀ ਤੋਂ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਵਿੱਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਵਿੱਕੀ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਣ ’ਤੇ ਵਿੱਕੀ ਦੇ ਰਿਸ਼ਤੇਦਾਰ ਤੇ ਪਿੰਡ ਦੇ ਵੱਡੀ ਗਿਣਤੀ ਲੋਕ ਅੱਜ ਥਾਣੇ ਅੱਗੇ ਇਕੱਠੇ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਹਿਰਾਸਤ ਦੌਰਾਨ ਵਿੱਕੀ ਦੀ ਇੰਨੀ ਕੁੱਟਮਾਰ ਕੀਤੀ ਹੈ ਕਿ ਉਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ’ਤੇ ਐੱਸਪੀ (ਡੀ) ਕਮਲਜੀਤ ਸਿੰਘ, ਡੀਐੱਸਪੀ ਲਖਵਿੰਦਰ ਸਿੰਘ ਮੱਲ ਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਨੇ ਦੋਸ਼ ਲਾਇਆ ਕਿ ਬੀਤੀ ਰਾਤ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੁਲੀਸ ਨੇ ਵਿੱਕੀ ਦੀ ਕੁੱਟਮਾਰ ਕੀਤੀ ਹੈ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਮ੍ਰਿਤਕ ਦੇ ਕੱਪੜੇ ਦਿਖਾਉਂਦਿਆਂ ਕਿਹਾ ਕਿ ਵਿੱਕੀ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕੀਤਾ ਗਿਆ ਤੇ ਫਿਰ ਹਸਪਤਾਲ ਲਿਆਂਦਾ ਗਿਆ। ਮ੍ਰਿਤਕ ਦੀ ਭੈਣ ਨੇ ਦਾਅਵਾ ਕੀਤਾ ਕਿ ਪੁਲੀਸ ਜਾਣ-ਬੁੱਝ ਕੇ ਵਿੱਕੀ ਵੱਲੋਂ ਫਾਹਾ ਲੈਣ ਦਾ ਝੂਠ ਸਿਰਜ ਰਹੀ ਹੈ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਵਿੱਕੀ ਸ਼ਾਮ ਤੱਕ ਸਰ੍ਹੋਂ ਵੱਢਦਾ ਰਿਹਾ ਤੇ ਰਾਤ ਨੂੰ ਪੁਲੀਸ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਸਵੇਰੇ ਪੁਲੀਸ ਨੇ ਫੋਨ ਕੀਤਾ ਕਿ ਵਿੱਕੀ ਦੀ ਮੌਤ ਹੋ ਗਈ ਹੈ। ਜਦਕਿ ਵਿੱਕੀ ਦੀ ਮਾਂ ਆਪਣੇ ਪੁੱਤ ਨੂੰ ਛੁਡਵਾਉਣ ਲਈ ਸਾਰੀ ਰਾਤ ਪੈਸੇ ਇਕੱਠੇ ਕਰਦੀ ਰਹੀ ਹੈ।
ਐੱਸਪੀ (ਡੀ) ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਖ਼ਿਲਾਫ਼ ਚਾਨੀਆਂ ਪਿੰਡ ਦੇ ਦਲਜੀਤ ਸਿੰਘ ਨੇ ਲੁੱਟ-ਖੋਹ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤਹਿਤ ਉਸ ਨੂੰ ਫੜਿਆ ਗਿਆ ਸੀ। ਪੁਲੀਸ ਦਾ ਕਹਿਣਾ ਸੀ ਕਿ ਵਿੱਕੀ ਨੂੰ ਜਿਹੜੀ ਚਾਦਰ ਰਾਤੀ ਸੌਣ ਲਈ ਦਿੱਤੀ ਸੀ, ਉਸ ਨਾਲ ਹੀ ਉਸ ਨੇ ਫਾਹਾ ਲੈ ਲਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਵੀ ਪੁਲੀਸ ਚੌਕੀ ਦਾ ਘਿਰਾਓ
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਵੀ ਪੁਲੀਸ ਚੌਕੀ ਦਾ ਘਿਰਾਓ ਕੀਤਾ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਨ ਵਾਸਤੇ ਮੌਕੇ ’ਤੇ ਦੇਰ ਰਾਤ ਸਥਾਨਕ ਅਦਾਲਤ ਦੇ ਜੱਜ ਪਹੁੰਚੇ ਹੋਏ ਸਨ। ਪੁਲੀਸ ਚੌਕੀ ਦਾ ਘਿਰਾਓ ਕਰਨ ਵਾਲੇ ਆਗੂਆਂ ਦੋਸ਼ ਲਾਇਆ ਕਿ ਪੁਲੀਸ ਜਾਣ-ਬੁੱਝ ਕੇ ਆਤਮਹੱਤਿਆ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਮੌਕੇ ਤੋਂ ਬਰਾਮਦ ਹੋਏ ਮ੍ਰਿਤਕ ਦੇ ਕਪੜਿਆਂ ’ਤੇ ਖੂਨ ਲੱਗਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਅਧਿਕਾਰੀ ਪੀੜਤ ਪਰਿਵਾਰ ਨਾਲ ਸਮਝੌਤਾ ਕਰਵਾਉਣ ਵਿੱਚ ਲੱਗੇ ਹੋਏ ਸਨ। ਮਜ਼ਦੂਰ ਆਗੂਆਂ ਨੇ ਪੀੜਤ ਪਰਿਵਾਰ ਨੂੰ ਨੌਂ ਲੱਖ ਰੁਪਏ ਮਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਤੇ ਘਟਨਾ ਦੀ ਜਾਂਚ ਮੌਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।