ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 25 ਅਕਤੂਬਰ
ਪਿੰਡ ਬੜੀ ਦੀ ਸ਼ਾਮਲਾਟ ਜ਼ਮੀਨ ਲੀਜ਼ ਉੱਤੇ ਦੇਣ ਦੇ ਬਹੁਚਰਚਿਤ ਮਾਮਲੇ ਦੀ ਪੰਚਾਇਤ ਵੱਲੋਂ ਅੱਜ ਰੱਖੀ ਗਈ ਬੋਲੀ ਨਿਰਵਿਰੋਧ ਢੰਗ ਨਾਲ ਨੇਪਰੇ ਚੜ੍ਹ ਗਈ। ਇੱਥੋਂ ਦੇ ਜੁਝਾਰ ਨਗਰ ਵਿੱਚ ਜ਼ਿਲ੍ਹਾ ਪਰਿਸ਼ਦ ਭਵਨ ’ਚ ਬੀਡੀਪੀਓ ਮੁਹਾਲੀ ਹਿਤੇਨ ਕਪਿਲਾ ਦੀ ਦੇਖ-ਰੇਖ ਹੇਠ ਸਮੁੱਚੀ ਕਾਰਵਾਈ ਪੰਜ ਮਿੰਟਾਂ ਵਿੱਚ ਹੀ ਮੁਕੰਮਲ ਹੋ ਗਈ। ਪਦਮ ਭੂਸ਼ਣ ਡਾ. ਤਰਲੋਚਨ ਸਿੰਘ ਕੰਗ ਨੇ ਹਵਾਈ ਅੱਡਾ ਚੌਕ ਨੇੜੇ ਪੈਂਦੀ ਪਿੰਡ ਬੜੀ ਦੀ ਸੱਤ ਏਕੜ ਤਿੰਨ ਕਨਾਲ ਜ਼ਮੀਨ ਇੱਕ ਲੱਖ ਸਾਢੇ ਅੱਠ ਹਜ਼ਾਰ (1,08500) ਪ੍ਰਤੀ ਏਕੜ ਦੀ ਸਾਲਾਨਾ ਲੀਜ਼ ਉੱਤੇ 33 ਸਾਲਾਂ ਲਈ ਆਪਣੇ ਨਾਂ ਕਰਵਾ ਲਈ। ਨਿਰਧਾਰਤ ਸਮੇਂ ਅਨੁਸਾਰ ਬਾਅਦ ਦੁਪਹਿਰ 2 ਵਜੇ ਬੋਲੀ ਆਰੰਭ ਹੋਈ। ਇਸ ਮੌਕੇ ਡਾ. ਤਰਲੋਚਨ ਸਿੰਘ ਕੰਗ ਤੋਂ ਇਲਾਵਾ ਤਿੰਨ ਹੋਰ ਬੋਲੀਕਾਰ ਮੌਜੂਦ ਸਨ, ਜਿਨ੍ਹਾਂ ਇੱਕ-ਇੱਕ ਬੋਲੀ ਦਿੱਤੀ ਅਤੇ ਡਾ. ਕੰਗ ਦੇ ਨਾਂ ’ਤੇ ਇਹ ਬੋਲੀ ਟੁੱਟ ਗਈ। ਸਰਪੰਚ ਮਨਫੂਲ ਸਿੰਘ ਦੱਸਿਆ ਕਿ ਜ਼ਮੀਨ ਦੇ ਸਾਲਾਨਾ ਕਿਰਾਏ ਵਿੱਚ ਹਰ ਸਾਲ 10 ਫ਼ੀਸਦ ਵਾਧਾ ਹੋਵੇਗਾ। ਸਬੰਧਤ ਡਾਕਟਰ ਪਿੰਡ ਨੂੰ ਗੋਦ ਲਵੇਗਾ ਜ਼ਮੀਨ ਵਿੱਚ ਉਸਾਰੇ ਜਾਣ ਵਾਲੇ ਹਸਪਤਾਲ ਵਿੱਚ ਮੈਡੀਕਲ ਸਟਾਫ਼ ਤੋਂ ਇਲਾਵਾ ਹੋਰ ਸਾਰਾ ਅਮਲਾ ਪਿੰਡ ਬੜੀ ਦਾ ਰੱਖਿਆ ਜਾਵੇਗਾ ਅਤੇ ਪਿੰਡ ਦੇ ਸਾਰੇ ਵਸਨੀਕਾਂ ਦਾ ਹਸਪਤਾਲ ਵਿਚ ਹਰ ਤਰ੍ਹਾਂ ਦਾ ਮੁਫ਼ਤ ਇਲਾਜ ਹੋਵੇਗਾ।
ਤਿੰਨ ਵਰ੍ਹਿਆਂ ਵਿੱਚ ਤਿਆਰ ਹੋਵੇਗਾ ਮਲਟੀ ਸਪੈਸ਼ਲਿਟੀ ਹਸਪਤਾਲ: ਡਾ. ਕੰਗ
ਡਾ. ਤਰਲੋਚਨ ਸਿੰਘ ਕੰਗ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਪਦਮ ਭੂਸ਼ਣ ਐਵਾਰਡ ਹਾਸਲ ਡਾਕਟਰ ਹਨ। ਉਨ੍ਹਾਂ ਕੋਲ 40 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਬੜੀ ਵਿੱਚ 500 ਕਰੋੜ ਰੁਪਏ ਨਾਲ ਮਲਟੀਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਕਰਨਗੇ।
ਸੁਖਬੀਰ ਬਾਦਲ ਅਤੇ ਚੰਦੂਮਾਜਰਾ ਨੇ ਕੀਤਾ ਸੀ ਜ਼ਮੀਨ ਲੀਜ਼ ’ਤੇ ਦੇਣ ਦਾ ਵਿਰੋਧ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੇ ਦਿਨ ਪਿੰਡ ਬੜੀ ਪਹੁੰਚ ਕੇ ਸ਼ਾਮਲਾਤ ਜ਼ਮੀਨ ਪ੍ਰਾਈਵੇਟ ਹਸਪਤਾਲ ਲਈ ਦੇਣ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਵੀ ਕਈ ਦੋਸ਼ ਲਗਾਏ ਸਨ। ਸ੍ਰੀ ਚੰਦੂਮਾਜਰਾ ਅਤੇ ਪਿੰਡ ਵਾਸੀਆਂ ਨੇ ਸ਼ਾਮਲਾਟ ਜ਼ਮੀਨ ਦੀ ਬੋਲੀ ਨਾ ਹੋਣ ਦਾ ਐਲਾਨ ਕੀਤਾ ਸੀ, ਪਰ ਅੱਜ ਬੋਲੀ ਮੌਕੇ ਵਿਰੋਧ ਕਰਨ ਲਈ ਕੋਈ ਨਾ ਪੁੱਜਿਆ ਅਤੇ ਪੰਚਾਇਤ ਵਿਭਾਗ ਨੇ ਬੋਲੀ ਦਾ ਸਮੁੱਚਾ ਅਮਲ ਨਿਰਵਿਘਨ ਮੁਕੰਮਲ ਕੀਤਾ। ਜ਼ਮੀਨ ਲੀਜ਼ ’ਤੇ ਦੇਣ ਦਾ ਵਿਰੋਧ ਕਰ ਰਹੇ ਪਿੰਡ ਦੇ ਵਸਨੀਕ ਕਮਲਜੀਤ ਸਿੰਘ ਨੇ ਆਖਿਆ ਕਿ ਉਹ ਇਹ ਸਾਰਾ ਮਾਮਲਾ ਅਦਾਲਤ ਵਿੱਚ ਲੈ ਕੇ ਜਾਣਗੇ।
ਬਲਬੀਰ ਸਿੱਧੂ ਵੱਲੋਂ ਸੁਖਬੀਰ ਨੂੰ ਜ਼ਮੀਨ ਦੀ ਅਦਲਾ-ਬਦਲੀ ਦੀ ਪੇਸ਼ਕਸ਼
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲਾਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਣ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ ਹੈ ਤੇ ਹੁਣ ਕਾਂਗਰਸ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਕਾਸ ਉਨ੍ਹਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਜਿਸ ਕਾਰਨ ਅਕਾਲੀ ਆਗੂ ਬੁਖਲਾਹਟ ਵਿੱਚ ਆ ਕੇ ਝੂਠੇ ਦੋਸ਼ ਲਾ ਰਹੇ ਹਨ। ਇੱਥੇ ਅੱਜ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਉਨ੍ਹਾਂ ਖ਼ਿਲਾਫ਼ ਬਿਨਾ ਵਜ੍ਹਾ ਤੱਥ ਰਹਿਤ ਦੋਸ਼ ਲਗਾ ਰਹੇ ਹਨ, ਜਦਕਿ ਉਨ੍ਹਾਂ ਨੇ ਸਿਹਤ ਵਿਭਾਗ ਦੇ ਨਾਲ-ਨਾਲ ਮੁਹਾਲੀ ਹਲਕੇ ਦੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਹੈ। ਸੁਖਬੀਰ ਵੱਲੋਂ ਉਨ੍ਹਾਂ (ਸਿੱਧੂ) ਖ਼ਿਲਾਫ਼ ਮੁਹਾਲੀ ਵਿੱਚ ਬੇਹਿਸਾਬ ਜਾਇਦਾਦ ਬਣਾਉਣ ਅਤੇ ਜ਼ਮੀਨਾਂ ਹੜੱਪਣ ਦੇ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਸਾਬਕਾ ਮੰਤਰੀ ਨੇ ਸੁਖਬੀਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਮੁਹਾਲੀ ਵਿਚਲੀ ਸਾਰੀ ਜਾਇਦਾਦ ਉਨ੍ਹਾਂ ਨੂੰ ਦੇ ਦੇਵੇ ਅਤੇ ਬਦਲੇ ਵਿੱਚ ਉਨ੍ਹਾਂ ਦੀ ਮੁਹਾਲੀ ਵਿਚਲੀ ਸਾਰੀ ਜਾਇਦਾਦ ਲੈ ਲਵੇ। ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਭਲਕੇ ਸ਼ੁਰੂ ਹੋ ਰਹੇ ਦੋ ਰੋਜ਼ਾ ਪ੍ਰੋਗਰੈਸਿਵ ਸੰਮੇਲਨ ਰੋਕ ਕੇ ਪੰਜਾਬ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ।