ਪਾਲ ਸਿੰਘ ਨੌਲੀ
ਜਲੰਧਰ, 15 ਮਈ
ਮੁੱਖ ਅੰਸ਼
- ਪ੍ਰਸ਼ਾਸਨ ਨੇ ਲੜਕੀ ਦੀ ਮੌਤ ਕਰੋਨਾ ਕਾਰਨ ਨਾ ਹੋਣ ਦਾ ਦਾਅਵਾ ਕੀਤਾ
ਇੱਥੇ ਵਾਪਰੀ ਇੱਕ ਦਿਲ ਕੰਬਾਊ ਘਟਨਾ ਨੇ ਇਨਸਾਨੀਅਤ ਨੂੰ ਬੁਰੀ ਤਰ੍ਹਾਂ ਨਾਲ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇੱਕ ਮਜਬੂਰ ਬਾਪ ਦੀ 11 ਸਾਲਾ ਧੀ ਸੋਨੂੰ ਦੀ ਅਰਥੀ ਨੂੰ ਜਦੋਂ ਕੋਈ ਮੋਢਾ ਦੇਣ ਲਈ ਅੱਗੇ ਨਾ ਆਇਆ ਤਾਂ ਉਹ ਆਪਣੇ ਮੋਢਿਆਂ ’ਤੇ ਧੀ ਦੀ ਲਾਸ਼ ਚੁੱਕ ਕੇ ਸ਼ਮਸ਼ਾਨਘਾਟ ਲੈ ਗਿਆ। ਇਸ ਘਟਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਮ੍ਰਿਤਕ ਸੋਨੂੰ ਦਾ ਪਿਤਾ ਦਲੀਪ ਇੱਥੋਂ ਦੇ ਰਾਮਨਗਰ ਮੁਹੱਲੇ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਪੀੜਤ ਦਲੀਪ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਸਸਕਾਰ ਕਰਨ ਲਈ ਸੋਨੂੰ ਦੀ ਲਾਸ਼ ਨੂੰ ਸ਼ਮਸ਼ਾਨਘਾਟ ਕਿਵੇਂ ਲਿਜਾਣਾ ਹੈ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ। ਦਲੀਪ ਨੇ ਕਿਹਾ ਕਿ ਉਸ ਦੇ ਭਰਾਵਾਂ ਨੇ ਕਿਹਾ ਕਿ ਲਾਸ਼ ਲਿਜਾਣ ਲਈ ਆਪਣੇ ਮੁੰਡੇ ਨੂੰ ਹੀ ਲੈ ਜਾਉ। ਭਰਾਵਾਂ ਨੇ ਇਹ ਵੀ ਕਿਹਾ ਕਿ ਉਹ ਸ਼ਮਸ਼ਾਨਘਾਟ ਪਿੱਛੇ-ਪਿੱਛੇ ਆਉਣਗੇ। ਵਾਇਰਲ ਹੋਈ ਵੀਡੀਓ ’ਤੇ ਟਿੱਪਣੀ ਕਰ ਰਹੇ ਲੋਕਾਂ ਨੇ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਤਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਾਅਵਾ ਕਰਦਿਆਂ ਕਿਹਾ ਕਿ 11 ਸਾਲਾ ਲੜਕੀ ਦੀ ਮੌਤ ਕਰੋਨਾ ਕਰਕੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਐੱਸਡੀਐੱਮ ਕੋਲੋਂ ਜਾਂਚ ਕਰਵਾਈ ਹੈ। ਇਸ ਤੋਂ ਪਤਾ ਲੱਗਾ ਕਿ ਮੌਤ ਦਾ ਕਾਰਨ ਕਰੋਨਾ ਨਹੀਂ ਹੈ। ਲਾਸ਼ ਦੀ ਸਪੁਰਦਗੀ ਵੇਲੇ ਵੀ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸ ਵਿੱਚ ਸੋਨੂੰ ਨੂੰ ਅੰਤੜੀਆਂ ਦੇ ਰੋਗ ਤੋਂ ਪੀੜਤ ਦੱਸਿਆ ਗਿਆ ਹੈ। ਇਸ ਘਟਨਾ ਨੇ ਸਮਾਜ ਦੀ ਲਾਪ੍ਰਵਾਹੀ ਤੇ ਕਰੋਨਾ ਦੇ ਡਰ ਨੂੰ ਇੱਕ ਵਾਰ ਫਿਰ ਉਭਾਰ ਕੇ ਸਾਹਮਣੇ ਲਿਆਂਦਾ ਹੈ।
ਮੂਲ ਰੂਪ ਵਿੱਚ ਉੜੀਸਾ ਦੇ ਰਹਿਣ ਵਾਲੇ ਦਲੀਪ ਦੀ ਧੀ ਸੋਨੂੰ ਦੀ ਮੌਤ ਬੀਤੇ ਦਿਨੀਂ 9 ਮਈ ਹੋ ਗਈ ਸੀ। ਉਹ ਬੜੀ ਮੁਸ਼ਕਿਲ ਨਾਲ ਰਾਤ ਨੂੰ ਡੇਢ ਵਜੇ ਜਲੰਧਰ ਪਹੁੰਚਿਆ ਸੀ। ਅੰਮ੍ਰਿਤਸਰ ਤੋਂ ਜਲੰਧਰ ਵਾਸਤੇ ਐਂਬੂਲੈਂਸ ਵਾਲਾ ਚਾਰ ਹਜ਼ਾਰ ਰੁਪਏ ਮੰਗ ਰਿਹਾ ਸੀ। ਉਸ ਨੇ ਕਿਸੇ ਤਰ੍ਹਾਂ ਢਾਈ ਹਜ਼ਾਰ ਦਾ ਪ੍ਰਬੰਧ ਕਰਕੇ ਆਪਣੀ ਧੀ ਦੀ ਲਾਸ਼ ਜਲੰਧਰ ਲਿਆਂਦੀ। ਉਸ ਦੇ ਇਲਾਜ ’ਤੇ ਪਹਿਲਾਂ ਹੀ 20 ਹਜ਼ਾਰ ਦੀ ਰਕਮ ਖਰਚ ਹੋ ਗਈ ਸੀ। ਦਲੀਪ ਦਾ ਕਹਿਣਾ ਸੀ ਕਿ ਕਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਉਸ ਨੂੰ ਆਪਣੀ ਧੀ ਦੀ ਲਾਸ਼ ਆਪਣੇ ਘਰ ਲਿਆਉਣ ਲਈ ਮਜਬੂਰ ਹੋਣਾ ਪਿਆ ਸੀ। ਦਲੀਪ ਨੇ ਦੱਸਿਆ ਕਿ ਕਰੋਨਾ ਦੇ ਲੱਛਣ ਹੋਣ ਦੇ ਡਰ ਕਾਰਨ ਕਿਸੇ ਨੇ ਵੀ ਉਸ ਦੀ ਧੀ ਦੀ ਅਰਥੀ ਨੂੰ ਮੋਢਾ ਨਹੀਂ ਦਿੱਤਾ ਤਾਂ ਉਹ ਸ਼ਮਸ਼ਾਨਘਾਟ ਤੱਕ ਆਪਣੇ ਮੋਢਿਆਂ ’ਤੇ ਹੀ ਲਾਸ਼ ਚੁੱਕ ਕੇ ਲੈ ਗਿਆ। ਇਸ ਸਬੰਧੀ ਵਾਇਰਲ ਹੋਈ ਵੀਡੀਓ ’ਚ ਪਿੱਛੇ ਤੁਰ ਰਿਹਾ ਲੜਕਾ ਮ੍ਰਿਤਕਾ ਸੋਨੂੰ ਦਾ ਭਰਾ ਸ਼ੰਕਰ ਹੈ।
ਕਿਸੇ ਨੇ ਨਹੀਂ ਮੰਗੀ ਮਦਦ: ਸੀਪੀਟੀਓ
ਜਲੰਧਰ ਦੀ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀਪੀਟੀਓ) ਨਵਨੀਤ ਕੌਰ ਬੱਲ ਨੇ ਦੱਸਿਆ ਕਿ ਨਾ ਤਾਂ ਪੀੜਤ ਪਰਿਵਾਰ ਦਾ ਕੋਈ ਮੈਂਬਰ ਅਤੇ ਨਾ ਹੀ ਉਸ ਇਲਾਕੇ ਵਿੱਚੋਂ ਕਿਸੇ ਹੋਰ ਨੇ ਸਸਕਾਰ ਕਰਨ ਲਈ ਮਦਦ ਮੰਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਜਿਹੇ ਕੇਸ ਵਿੱਚ ਮਦਦ ਲੈਣਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0181-2224417 ਅਤੇ ਸਿਵਲ ਸਰਜਨ ਜਲੰਧਰ ਦੇ ਕੰਟਰੋਲ ਰੂਮ ਨੰਬਰ 0181-2224848 ’ਤੇ ਸੰਪਰਕ ਕਰ ਸਕਦਾ ਹੈ।