ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਰੋਕਣ ਲਈ ਬਣੀ ਟਾਸਕ ਫੋਰਸ ਦੇ ਮੁਖੀ ਜਗਵਿੰਦਰਜੀਤ ਸਿੰਘ ਸੰਧੂ ਨੂੰ ਵਿਵਾਦਾਂ ਵਿਚ ਘਿਰ ਜਾਣ ਮਗਰੋਂ ਅੱਜ ਮੁਖੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਵਧੀਕ ਮੁੱਖ ਸਕੱਤਰ ਸੀਮਾ ਜੈਨ ਨੇ ਅੱਜ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ ਪ੍ਰਬੰਧਕੀ ਅਤੇ ਲੋਕ ਹਿੱਤਾਂ ਦੇ ਮੱਦੇਨਜ਼ਰ ਡਵੀਜ਼ਨਲ ਡਿਪਟੀ ਡਾਇਰੈਕਟਰ ਜਗਵਿੰਦਰਜੀਤ ਸਿੰਘ ਸੰਧੂ ਤੋਂ ਸ਼ਾਮਲਾਟ ਸੈੱਲ ਮੁੱਖ ਦਫਤਰ ਮੁਹਾਲੀ ਦੇ ਇੰਚਾਰਜ ਦਾ ਕੰਮ ਵਾਪਸ ਲਿਆ ਜਾਂਦਾ ਹੈ। ਸ਼ਾਮਲਾਟ ਸੈੱਲ ਦੇ ਸਹਿ ਇੰਚਾਰਜ ਹਰਮਨਦੀਪ ਸਿੰਘ ਨੂੰ ਫਿਲਹਾਲ ਸ਼ਾਮਲਾਟ ਸੈੱਲ ਦੇ ਇੰਚਾਰਜ ਦਾ ਕੰਮ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਟਾਸਕ ਫੋਰਸ ਦੇ ਸਾਬਕਾ ਮੁਖੀ ਦਾ ਖੱਬੇ ਕੰਨ ਤੋਂ ਬੋਲਾਪਣ ਹੋਣ ਦਾ ਤਰਕ ਦੇ ਕੇ ਆਪਣੀ ਨੌਕਰੀ ਵਿੱਚ ਦੋ ਵਰ੍ਹਿਆਂ ਦੇ ਵਾਧੇ ਦੀ ਮੰਗ ਨੂੰ ਵੀ ਹੁਣ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਪੰਚਾਇਤ ਵਿਭਾਗ ਨੇ ਇਹ ਵਾਧੇ ਵਾਲਾ ਕੇਸ ਫਿਲਹਾਲ ਪੈਂਡਿੰਗ ਰੱਖਿਆ ਹੋਇਆ ਹੈ। ਜਗਵਿੰਦਰਜੀਤ ਸਿੰਘ ਸੰਧੂ ਦੇ ਸੁਰਖੀਆਂ ਵਿੱਚ ਆਉਣ ਕਰਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਹੁਣ ਪੈਰ ਪਿਛਾਂਹ ਖਿੱਚਦੇ ਜਾਪਦੇ ਹਨ। ਪੰਚਾਇਤ ਮੰਤਰੀ ਨੇ ਅੱਜ ਦੱਸਿਆ ਕਿ ਸੰਧੂ ਦੇ ਕਾਰਜਕਾਲ ਵਿੱਚ ਦੋ ਵਰ੍ਹਿਆਂ ਦੇ ਵਾਧੇ ਦਾ ਮਾਮਲਾ ਹਾਲੇ ਪੈਂਡਿੰਗ ਹੈ। ਸੂਤਰ ਦੱਸਦੇ ਹਨ ਕਿ ਮੌਜੂਦਾ ਹਾਲਤ ਦੇ ਮੱਦੇਨਜ਼ਰ ਜਾਪਦਾ ਹੈ ਕਿ ਸੰਧੂ ਨੂੰ ਦੋ ਵਰ੍ਹਿਆਂ ਦਾ ਵਾਧਾ ਨਾ ਦਿੱਤਾ ਜਾਵੇ। ਜਗਵਿੰਦਰਜੀਤ ਸਿੰਘ ਸੰਧੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਸਰਕਾਰੀ ਨੀਤੀ ਮੁਤਾਬਕ ਆਪਣਾ ਹੱਕ ਮੰਗਿਆ ਹੈ। ਜੇ ਮਹਿਕਮਾ ਵਾਧਾ ਨਹੀਂ ਦੇਵੇਗਾ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।