ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਜਲ ਸਰੋਤ ਵਿਭਾਗ, ਪੰਜਾਬ ਜੰਗੀ ਪੱਧਰ ’ਤੇ ਕੰਮ ਕਰ ਰਿਹਾ ਹੈ ਅਤੇ ਮੁੱਖ ਡੈਮ ਦਾ ਹੁਣ ਤੱਕ 45 ਫ਼ੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਕੋਵਿਡ ਤੋਂ ਬਚਾਅ ਸਬੰਧੀ ‘ਮਿਸ਼ਨ ਫਤਿਹ’ ਤਹਿਤ ਦੱਸੇ ਸਾਰੇ ਸੁਰੱਖਿਆ ਉਪਾਅ ਯਕੀਨੀ ਬਣਾਉਂਦੇ ਹੋਏ ਜਲ ਸਰੋਤ ਵਿਭਾਗ ਨੇ 29 ਅਪਰੈਲ, 2020 ਨੂੰ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕੀਤਾ ਹੈ ਤੇ ਹੁਣ ਇਸ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਦੇ ਭੰਡਾਰ ਦੀ ਭਰਾਈ ਸਾਲ 2022 ਦੇ ਅੱਧ ਤੱਕ ਸ਼ੁਰੂ ਹੋਣ ਦੀ ਉਮੀਦ ਜ਼ਾਹਿਰ ਕਰਦਿਆਂ ਸ੍ਰੀ ਸਰਕਾਰੀਆ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਚ ਅਗਸਤ, 2023 ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਊਮੀਦ ਹੈ।
ਉਨ੍ਹਾਂ ਕਿਹਾ ਕਿ ਮਾਧੋਪੁਰ ਹੈੱਡ ਵਰਕਸ ਨਹਿਰੀ ਪ੍ਰਣਾਲੀ ਨੂੰ ਇੱਕਸਾਰ ਪਾਣੀ ਦੀ ਸਪਲਾਈ ਯਕੀਨੀ ਬਣਾਏਗਾ ਅਤੇ ਇਸ ਨਾਲ ਪੰਜਾਬ ’ਚ ਤਕਰੀਬਨ 5000 ਹੈਕਟੇਅਰ ਰਕਬੇ ਲਈ ਸਿੰਜਾਈ ਹੋ ਸਕੇਗੀ ਅਤੇ ਯੂ.ਬੀ.ਡੀ.ਸੀ. ਸਿਸਟਮ ਅਧੀਨ ਇਸ ਪ੍ਰਾਜੈਕਟ ਨਾਲ 1.18 ਲੱਖ ਹੈਕਟੇਅਰ ਰਕਬੇ ਵਿੱਚ ਸਿੰਜਾਈ ਸਹੂਲਤਾਂ ਮਿਲਣਗੀਆਂ। ਪ੍ਰਾਜੈਕਟ ਦੇ ਮੁਕੰਮਲ ਹੋਣ ’ਤੇ ਸਾਲਾਨਾ 1042 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ।