ਗੁਰਿੰਦਰ ਸਿੰਘ
ਲੁਧਿਆਣਾ, 2 ਦਸੰਬਰ
ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਟੀਵੀ-9 ਭਾਰਤਵਰਸ਼ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਉਨ੍ਹਾਂ 100 ਕਰੋੜ ਰੁਪਏ ਦਾ ਦਾਅਵਾ ਕਰਨ ਦਾ ਐਲਾਨ ਵੀ ਕੀਤਾ ਹੈ। ਟੀਵੀ-9 ਭਾਰਤਵਰਸ਼ ’ਤੇ ਦੋ ਦਿਨ ਪਹਿਲਾਂ ਆਪਣੇ ਇੱਕ ਪ੍ਰੋਗਰਾਮ ਦੌਰਾਨ ‘ਮੌਲਵੀਆਂ ਦਾ ਓਪੀਨੀਅਨ’ ਪੋਲ ਤਹਿਤ ਕੀਤੇ ਗਏ ਪ੍ਰਸਾਰਣ ’ਚ ਦੇਸ਼ ਦੇ ਵੱਖ-ਵੱਖ ਮੌਲਵੀਆਂ ਸਮੇਤ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਦੇ ਭਾਸ਼ਨ ਦਾ ਇੱਕ ਹਿੱਸਾ ਵਿਖਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਇਤਿਹਾਸਕ ਜਾਮਾ ਮਸਜਿਦ ’ਚ ਅੱਜ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਕਾਮਯਾਬੀ ਮੌਕੇ ਉਨ੍ਹਾਂ ਵੱਲੋਂ ਦਿੱਤੇ ਭਾਸ਼ਣ ਦਾ ਕੁੱਝ ਟੁੱਟਵਾਂ ਭਾਗ ਪ੍ਰਸਾਰਿਤ ਕਰਕੇ ਗਲਤ ਅਰਥ ਪੇਸ਼ ਕੀਤੇ ਜਾ ਰਹੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਵੱਲੋਂ ਸਰਕਾਰ ਦੇ ਆਲੋਚਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਉਹ ਭਾਰਤ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਲੁਧਿਆਣਵੀ ਪਰਿਵਾਰ ਦੇ ਮੈਂਬਰ ਹਨ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਅੰਗਰੇਜ਼ੀ ਹਕੂਮਤ ਨਾਲ ਲੜਾਈ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਇਸ ਮੌਕੇ ਜਾਮਾ ਮਸਜਿਦ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਸਿੰਘ ਨੇ ਦੱਸਿਆ ਕਿ ਟੀਵੀ-9 ਭਾਰਤਵਰਸ਼ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੈਨਲ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕਰਨ ਸਣੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਝੂਠਾ ਪ੍ਰਚਾਰ ਕਰਨ ਦੇ ਦੋਸ਼ ਹੇਠ ਪੁਲੀਸ ਕੋਲ ਵੀ ਕੇਸ ਦਰਜ ਕਰਵਾਇਆ ਜਾਵੇਗਾ।