ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੂਨ
ਪਿੰਡ ਮਰਦਾਂਹੇੜੀ ਦੇ ਵਸਨੀਕ ਤੇ ਭਾਰਤੀ ਫੌਜ ਦੇ 24 ਸਾਲਾ ਲਾਂਸ ਨਾਇਕ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਅੱਜ ਪਿੰਡ ਲਿਆਂਦੀ ਗਈ ਜਿਸ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖਾਕ ਕੀਤਾ ਗਿਆ। ਉਹ ਭਾਰਤੀ ਫ਼ੌਜ ਦੀ ‘ਰੈਜੀਮੈਂਟ-58 ਇੰਜੀਨੀਅਰਜ਼’ ਨਾਲ ਸਬੰਧਤ ਸੀ ਤੇ 26 ਜੂਨ ਨੂੰ ਚੀਨ ਸਰਹੱਦ ਨੇੜੇ ਲੱਦਾਖ ਖੇਤਰ ’ਚ ਵਗਦੀ ਸ਼ਿਓਕ ਨਦੀ ’ਚ ਬਚਾਅ ਮੁਹਿੰਮ ਦੌਰਾਨ ਕਿਸ਼ਤੀ ਪਲਟਣ ਕਾਰਨ ਸ਼ਹੀਦ ਹੋ ਗਿਆ ਸੀ। ਸਲੀਮ ਖ਼ਾਨ ਫਰਵਰੀ 2014 ਨੂੰ ਭਾਰਤੀ ਫ਼ੌਜ ਦੀ ਬੰਗਾਲ ਇੰਜੀਨੀਅਰ ਰੈਜੀਮੈਂਟ ’ਚ ਭਰਤੀ ਹੋਇਆ ਸੀ। ਇਸੇ ਦੌਰਾਨ ਫੌਜ ਵੱਲੋਂ ਪਿੰਡ ਮਰਦਾਂਹੇੜੀ ਲਿਆਂਦੀ ਗਈ ਸ਼ਹੀਦ ਦੀ ਮ੍ਰਿਤਕ ਦੇਹ ਸਲੀਮ ਦੀ ਮਾਤਾ ਨਸੀਮਾ ਬੇਗਮ, ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਦੇ ਸਪੁਰਦ ਕੀਤੀ ਗਈ। ਇਸ ਮੌਕੇ ਭਾਰਤੀ ਫੌਜ ਦੇ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਤਾਬੂਤ ’ਤੇ ਲਪੇਟਿਆ ਤਿਰੰਗਾ ਝੰਡਾ ਵੀ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ। ਇਸ ਮਗਰੋਂ ਮ੍ਰਿਤਕ ਦੇੇਹ ਪੂਰੇ ਸਰਕਾਰੀ ਸਨਮਾਨਾਂ ਨਾਲ਼ ਸਪੁਰਦ-ਏ-ਖਾਕ ਕੀਤੀ ਗਈ। ਇਸ ਮੌਕੇ ਫੌਜੀ ਟੁਕੜੀ ਨੇ ਸਲਾਮੀ ਦਿੱਤੀ। ਸ਼ਹੀਦ ਦੀ ਅੰਤਿਮ ਵਿਦਾਈ ਦੀਆਂ ਰਸਮਾਂ ਦੌਰਾਨ ਪਿੰਡ ਅਤੇ ਇਲਾਕੇ ਤੋਂ ਵੱਡੀ ਗਿਣਤੀ ’ਚ ਲੋਕ ਪੁੱਜੇ ਹੋਏ ਸਨ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸਐਸਪੀ ਮਨਦੀਪ ਸਿੰਘ ਸਿੱਧੂ ਮੌਜੂਦ ਸਨ।
ਲੰਬੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੱਦਾਖ ਵਿਚ ਸ਼ਹੀਦ ਹੋਏ ਲਾਂਸ ਨਾਇਕ ਸਲੀਮ ਖ਼ਾਨ ਦੀ ਕੁਰਬਾਨੀ ਨੂੰ ਸਲਾਮ ਕੀਤਾ ਹੈ। ਉਨ੍ਹਾਂ ਦੇਸ਼ ਲਈ ਜਾਨ ਵਾਰਨ ਵਾਲੇ ਸਲੀਮ ਖ਼ਾਨ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਪਰਿਵਾਰ ਲਈ 50 ਲੱਖ ਤੇ ਨੌਕਰੀ ਦਾ ਐਲਾਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਂਸ ਨਾਇਕ ਸਲੀਮ ਖਾਨ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ ਅਤੇ ਪੂਰਨ ਸਹਿਯੋਗ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨੀ ਫੌਜ ਦੇ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਵਿਚੋਂ ਇੱਕ, ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦਾ ਵਸਨੀਕ ਸੀ।