ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 16 ਜੂਨ
ਭਾਰਤੀ ਫੌਜ ਦੀ 23 ਸਿੱਖ ਬਟਾਲੀਅਨ ਦੇ ਸਿਪਾਹੀ ਜਗਰਾਜ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਸ਼ੇਖਪੁਰਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਫ਼ੌਜੀ ਟੁਕੜੀ, ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਜਗਰਾਜ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ।
ਬਜ਼ੁਰਗ ਮਾਤਾ ਜਸਵੀਰ ਕੌਰ ਤੇ ਪਿਤਾ ਮੇਜਰ ਸਿੰਘ ਦਾ 26 ਸਾਲਾ ਇਕਲੌਤਾ ਪੁੱਤ ਜਗਰਾਜ ਸਿੰਘ ਘਰ ਦੀਆਂ ਤੰਗੀਆਂ-ਤੁਰਸ਼ੀਆਂ ਕਰਕੇ ਬਾਰ੍ਹਵੀਂ ਪਾਸ ਕਰਨ ਬਾਅਦ ਸੱਤ ਸਾਲ ਪਹਿਲਾਂ ਸਿੱਖ ਰੈਜਮੈਂਟ ਵਿੱਚ ਭਰਤੀ ਹੋਇਆ ਸੀ। ਸ਼ਹੀਦ ਦੀ ਵੱਡੀ ਭੈਣ ਮਨਪ੍ਰੀਤ ਕੌਰ ਪੰਜਾਬ ਪੁਲੀਸ ਵਿੱਚ ਮੁਲਾਜ਼ਮ ਹੈ। ਦੋਵੇਂ ਭੈਣ-ਭਰਾ ਅਜੇ ਅਣਵਿਆਹੇ ਸਨ। ਜਗਰਾਜ ਸਿੰਘ ਦੀ ਰਜਮੈਂਟ ਇਸ ਸਮੇਂ ਰਾਜਸਥਾਨ ਵਿੱਚ ਹੈ। ਬੀਤੇ 5 ਜੂਨ ਨੂੰ ਉਹ ਸਿਖਲਾਈ ਦੌਰਾਨ ਹੋਏ ਧਮਾਕੇ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਫੌਜ ਵੱਲੋਂ ਉਸ ਨੂੰ ਸੂਰਤਗੜ੍ਹ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੈਲੀਕਾਪਟਰ ਰਾਹੀਂ ਪੰਚਕੂਲਾ ਦੇ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 14 ਜੂਨ ਜਗਰਾਜ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ। ਸਸਕਾਰ ਤੋਂ ਪਹਿਲਾਂ ਸ਼ਹੀਦ ਜਗਰਾਜ ਸਿੰਘ ਨੂੰ 23 ਬਟਾਲੀਅਨ ਦੇ ਸੀਓ ਅਵਿਨਾਸ਼ ਸਿੰਘ ਸਮੇਤ ਫੌਜ ਦੇ ਹੋਰ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਰਧਾ ਸੁਮਨ ਭੇਟ ਕੀਤੇ ਅਤੇ ਪਰੇਡ ਕਰਕੇ ਸਲਾਮੀ ਦਿੱਤੀ। ਜਗਰਾਜ ਸਿੰਘ ਦੀ ਚਿਤਾ ਨੂੰ ਅਗਨੀ ਉਸ ਦੇ ਪਿਤਾ ਮੇਜਰ ਸਿੰਘ ਤੇ ਭੈਣ ਮਨਪ੍ਰੀਤ ਕੌਰ ਨੇ ਦਿਖਾਈ।