ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਦਸੰਬਰ
ਟਿਕਰੀ ਅਤੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਤੰਬੂਆਂ ਤੇ ਟਰਾਲੀਆਂ ਉਤੇ ਸ਼ਹੀਦ ਭਗਤ ਸਿੰਘ ਦੇ ਪੋਸਟਰ ਵੱਡੀ ਪੱਧਰ ’ਤੇ ਲੱਗੇ ਨਜ਼ਰੀਂ ਪੈਂਦੇ ਹਨ। ਲੋਕਾਂ ਨੇ ਸੰਘਰਸ਼ ਦੌਰਾਨ ਭਗਤ ਸਿੰਘ ਨੂੰ ਪ੍ਰੇਰਣਾ ਸਰੋਤ ਬਣਾ ਲਿਆ ਹੈ। ਕੁਝ ਦਿਨ ਪਹਿਲਾਂ ਨੌਜਵਾਨਾਂ ਨੇ ਸਿੰਘੂ ਬਾਰਡਰ ’ਤੇ ਭਗਤ ਸਿੰਘ ਦੀ ਤੀਹ ਫੁੱਟੀ ਤਸਵੀਰ ਵੀ ਲਾਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਈ ਪ੍ਰਕਾਸ਼ਕਾਂ ਨੇ ਭਗਤ ਸਿੰਘ ਦੀਆਂ ਕਿਤਾਬਾਂ ਅਤੇ ਪੋਸਟਰ-ਸਟਿੱਕਰ ਵਾਲੀਆਂ ਪੁਸਤਕ ਪ੍ਰਦਰਸ਼ਨੀਆ ਵੀ ਲਾਈਆਂ ਹੋਈਆਂ ਹਨ। ‘ਚਿੰਤਨ ਪ੍ਰਕਾਸ਼ਨ’ ਦੇ ਪ੍ਰਕਾਸ਼ਕ ਅਰੁਣ ਲੁਧਿਆਣਾ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਲੁਧਿਆਣਾ ਤੇ ਕੈਲਗਰੀ (ਕੈਨੇਡਾ), ਸ਼ਹੀਦ ਭਗਤ ਸਿੰਘ ਪੁਸਤਕ ਸੱਥ (ਦੀਵਾਨਾ) ਦੇ ਵਰਿੰਦਰ ਦੀਵਾਨਾ ਨੇ ਦੱਸਿਆ ਕਿ ਭਗਤ ਸਿੰਘ ਨਾਲ ਸਬੰਧਤ ਸਾਹਿਤ ਅਤੇ ਪੋਸਟਰ ਲੋਕ ਪਸੰਦ ਕਰ ਰਹੇ ਹਨ। ਨਵਾਂ ਛਪਵਾਉਣ ਲਈ ਆਰਡਰ ਵੀ ਦਿੱਤੇ ਹਨ। ਸਵੇਰੇ ਕਿਸਾਨ ਮੰਚ ਤੋਂ ਤਕਰੀਰਾਂ ਸੁਣਦੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਤੇ ਅੰਗਰੇਜ਼ਾਂ ’ਚ ਬਹੁਤਾ ਫ਼ਰਕ ਨਹੀਂ ਹੈ ਕਿਉਂਕਿ ਅੰਗਰੇਜ਼ਾਂ ਨੇ ਵੀ ਕਾਲੇ ਕਾਨੂੰਨ ਬਣਾ ਕੇ ਭਾਰਤੀ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੀ ਤੇ ਮੋਦੀ ਸਰਕਾਰ ਵੀ ਕਿਸਾਨਾਂ-ਮਜ਼ਦੂਰਾਂ ਲਈ ਨੁਕਸਾਨਦੇਹ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਘਰਸ਼ ਵੀ ਜੰਗ-ਏ-ਆਜ਼ਾਦੀ ਵਰਗਾ ਹੀ ਜਾਪ ਰਿਹਾ ਹੈ। ਲੋਕਾਂ ਵਿਚ ਉਸੇ ਤਰ੍ਹਾਂ ਹੀ ਮਰ-ਮਿਟਣ ਦਾ ਜਜ਼ਬਾ ਦਿਖ ਰਿਹਾ ਹੈ।
ਕੌਮਾਗਾਟਾ ਮਾਰੂ ਕਮੇਟੀ ਦੇ ਜਥਿਆਂ ਦੀ ਦਿੱਲੀ ਨੂੰ ਆਮਦ ਜਾਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦੇਸ਼ ਭਗਤ ਵਿਰਾਸਤ ਵਾਲੀ ਨਾਮਵਰ ਜਥੇਬੰਦੀ ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਅਤੇ ਇਸ ਦੀ ਸਰਪ੍ਰਸਤੀ ਹੇਠ ਕੰਮ ਕਰਦੀਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀਆਂ ਦੇ ਜਥੇ 26 ਨਵੰਬਰ ਤੋਂ ਅੱਜ ਤਕ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫਲੇ ਨਾਲ ਸਿੰਘੂ (ਕੁੰਡਲੀ) ਬਾਰਡਰ ’ਤੇ ਪੱਕੇ ਡੇਰੇ ਲਾ ਚੁੱਕੇ ਹਨ। ਇਸ ਤੋਂ ਇਲਾਵਾ ਦਰਜਨਾਂ ਗੱਡੀਆਂ ਰਾਹੀਂ ਜ਼ਿਲ੍ਹੇ ’ਚੋਂ ਬੀਬੀਆਂ ਅਤੇ ਕਮੇਟੀ ਦੇ ਕਾਫ਼ਲੇ ਲਗਾਤਾਰ 2-2, 4-4 ਦਿਨਾਂ ਲਈ ਸ਼ਮੂਲੀਅਤ ਯਕੀਨੀ ਬਣਾ ਰਹੇ ਹਨ। ਕਮੇਟੀ ਦੀ ਅਗਵਾਈ ਹੇਠ ਇਤਿਹਾਸਕ ਪਿੰਡਾਂ ਲਲਤੋਂ ਖੁਰਦ, ਲਲਤੋਂ ਕਲਾਂ, ਝਾਂਡੇ ਤੇ ਬੱਦੋਵਾਲ ਵੱਲੋਂ ਤੜਕੇ 2 ਵਜੇ ਤੋਂ ਸ਼ਾਮ 6 ਵਜੇ ਤੱਕ ਮੁੱਖ ਸਟੇਜ ਦੇ ਨੇੜੇ ਚਾਹ ਦਾ ਲੰਗਰ ਅਤੁੱਟ ਤੇ ਲਗਾਤਾਰ ਜਾਰੀ ਹੈ। ਆਗੂਆਂ ਨੇ ਕਿਹਾ ਕਿ ਕਮੇਟੀ ਦੇ ਸਾਥੀ ਕਿਸਾਨ ਯੋਧੇ ਭਾਈ ਭਾਗ ਸਿੰਘ ਬੱਦੋਵਾਲ 11 ਦਸੰਬਰ ਨੂੰ ਜਾਨ ਵਾਰ ਕੇ ਸ਼ਹੀਦ ਦਾ ਰੁਤਬਾ ਹਾਸਲ ਕਰ ਚੁੱਕੇ ਹਨ।