ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਾਰਚ
ਵਿੱਤੀ ਵਰ੍ਹਾ 2021-22 ਵਾਸਤੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਪਾਸ ਕਰਨ ਲਈ ਬਜਟ ਸਮਾਗਮ (ਜਨਰਲ ਇਜਲਾਸ) 30 ਮਾਰਚ ਨੂੰ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗਾ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ। ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਜਨਰਲ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਬਜਟ ਦੀਆਂ ਕਾਪੀਆਂ ਭੇਜ ਦਿੱਤੀਆਂ ਜਾਣਗੀਆਂ ਅਤੇ ਮੈਂਬਰ ਆਪਣੇ ਸੁਝਾਅ ਘੱਟੋ-ਘੱਟ ਇਕ ਦਿਨ ਪਹਿਲਾਂ ਤਕ ਜ਼ਰੂਰ ਭੇਜਣ। ਇਸ ਤੋਂ ਇਲਾਵਾ 11 ਅਤੇ 13 ਮਾਰਚ ਨੂੰ ਮਾਝਾ-ਦੁਆਬਾ ਅਤੇ ਮਾਲਵਾ ਖੇਤਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਰੱਖੀਆਂ ਮੀਟਿੰਗਾਂ ਵਿੱਚ ਵੀ ਉਨ੍ਹਾਂ ਕੋਲੋਂ ਬਜਟ ਬਾਰੇ ਸੁਝਾਅ ਲਏ ਜਾਣਗੇ।
ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਦਿੱਲੀ ਮੋਰਚਿਆਂ ਵਾਲੀਆਂ ਥਾਵਾਂ ’ਤੇ ਟੀਨਾਂ ਦੇ ਆਰਜ਼ੀ ਸ਼ੈੱਡ ਬਣਾਉਣ ਅਤੇ ਪੱਖੇ ਲਾਉਣ ਦਾ ਫ਼ੈਸਲਾ ਕੀਤਾ ਗਿਆ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸਮਾਗਮ ਬੰਗਲਾਦੇਸ਼ ਵਿੱਚ ਵੀ ਕੀਤੇ ਜਾਣਗੇ, ਜਿਥੇ ਗੁਰੂ ਸਾਹਿਬ ਨੇ ਦੌਰਾ ਕੀਤਾ ਸੀ। 15 ਮਾਰਚ ਨੂੰ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਅਕਾਲ ਤਖਤ ਤੋਂ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ, ਜੋ ਦਿੱਲੀ ਪੁੱਜ ਕੇ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਦਾ ਮਾਰਗ ਤੈਅ ਕੀਤਾ ਜਾ ਰਿਹਾ ਹੈ। ਇਸ ਦੌਰਾਨ 16 ਤੋਂ 18 ਮਾਰਚ ਤਕ ਬਾਬਾ ਬਕਾਲਾ, 24 ਤੋਂ 28 ਮਾਰਚ ਤਕ ਸ੍ਰੀ ਕੇਸਗੜ੍ਹ ਆਨੰਦਪੁਰ ਵਿੱਚ, ਖਾਲਸਾ ਸਾਜਨਾ ਦਿਵਸ ਮੌਕੇ ਤਲਵੰਡੀ ਸਾਬੋ, 10 ਅਪਰੈਲ ਨੂੰ ਕਾਨਪੁਰ, 25 ਅਪਰੈਲ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸਮਾਗਮ ਹੋਣਗੇ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ। ਵਿਸਾਖੀ ਮੌਕੇ ਪਾਕਿਸਤਾਨ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਏਜੰਸੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਇਹ ਜਥੇ ਨੂੰ ਜਾਣ ਸਬੰਧੀ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਮਿਲੇਗੀ ਪਰ ਹਰੇਕ ਯਾਤਰੂ ਲਈ ਕਰੋਨਾ ਟੀਕਾ ਲਾਜ਼ਮੀ ਹੋਵੇਗਾ।
ਸ਼ਤਾਬਦੀ ਸਮਾਗਮ ਲਈ ਪ੍ਰਧਾਨ ਮੰਤਰੀ ਨੂੰ ਨਹੀਂ ਭੇਜਿਆ ਜਾਵੇਗਾ ਸੱਦਾ
ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਮੌਕੇ ਸਿੱਕੇ, ਡਾਕ ਟਿਕਟ ਅਤੇ ਡਾਕ ਲਿਫਾਫਾ ਜਾਰੀ ਕਰਨ ਬਾਰੇ ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਕੋਲੋਂ ਲੋੜੀਂਦੇ ਵੇਰਵੇ ਮੰਗੇੇ ਹਨ। ਇਸ ਸਬੰਧੀ ਕੇਂਦਰ ਸਰਕਾਰ ਦਾ ਇਕ ਪੱਤਰ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਦੇ ਮੁੱਖ ਸਮਾਗਮ ਮੌਕੇ ਇਸ ਵਾਰ ਕਿਸਾਨ ਸੰਘਰਸ਼ ਕਾਰਨ ਪ੍ਰਧਾਨ ਮੰਤਰੀ ਤੇ ਹੋਰਨਾਂ ਨੂੰ ਸ਼ਮੂਲੀਅਤ ਦੇ ਸੱਦੇ ਦੇਣ ਦਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ। ਪ੍ਰਧਾਨ ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਹਾਲਾਤ ਸੁਖਾਵੇਂ ਹੋਣ ਮਗਰੋਂ ਹੀ ਇਸ ਬਾਰੇ ਸੋਚਿਆ ਜਾਵੇਗਾ। ਚੇਤੇ ਰਹੇ ਕਿ ਪਹਿਲਾਂ ਹੋਈਆਂ ਸ਼ਤਾਬਦੀਆਂ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਹੋਰ ਨਤਮਸਤਕ ਹੋਣ ਲਈ ਪੁੱਜਦੇ ਰਹੇ ਹਨ।
ਐੱਸਐੱਸ ਕੋਹਲੀ ਐਂਡ ਕੰਪਨੀ ਨੂੰ ਪੱਤਰ ਭੇਜੇਗੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਦਾ ਲੇਖਾ ਜੋਖਾ ਕਰਦੀ ਰਹੀ ਐੱਸਐੱਸ ਕੋਹਲੀ ਐਂਡ ਕੰਪਨੀ ਕੋਲੋਂ ਕਰੋੜਾਂ ਰੁਪਇਆਂ ਦੀ ਵਸੂਲੀ ਲਈ ਸਿੱਖ ਸੰਸਥਾ ਉਸ ਨੂੰ ਮੁੜ ਪੱਤਰ ਭੇਜੇਗੀ। ਇਸ ਕੰਪਨੀ ਖ਼ਿਲਾਫ਼ ਸ੍ਰੀ ਅਕਾਲ ਤਖਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਲਈ ਆਖਿਆ ਗਿਆ ਸੀ। ਚੇਤੇ ਰਹੇ ਕਿ ਇਹ ਕੰਪਨੀ ਬਾਦਲਾਂ ਦੀ ਚਹੇਤੀ ਕੰਪਨੀ ਸੀ।