ਨਵੀਂ ਦਿੱਲੀ, 9 ਸਤੰਬਰ
ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਤੇ ਹਰਦੀਪ ਸਿੰਘ ਨਿੱਝਰ ਦੀਆਂ ਭਾਰਤ ਵਿਚਲੀਆਂ ਜਾਇਦਾਦਾਂ ਜ਼ਬਤ ਕਰਨ ਦੇ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਜਥੇਬੰਦੀ ਵੱਲੋਂ ਦੇਸ਼ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਖ਼ੁਫੀਆ ਵਿੰਗ ਦੇ ਸੂਤਰ ਦੱਸਦੇ ਹਨ ਕਿ ਹੁਣ ਜਥੇਬੰਦੀ ਨੇ ਪੰਜਾਬ ਦੇ ਕਿਸਾਨਾਂ ਨੂੰ ‘ਰਾਇਸ਼ੁਮਾਰੀ-2020’ ਦੇ ਪੱਖ ’ਚ ਭੁਗਤਾਉਣ ਲਈ ਪ੍ਰਤੀ ਕਿਸਾਨ 3500 ਰੁਪਏ ਗਰਾਂਟ ਵਜੋਂ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਆਧਾਰਿਤ ਇਸ ਵੱਖਵਾਦੀ ਜਥੇਬੰਦੀ ਨੇ ਐਲਾਨ ਕੀਤਾ ਕਿ ਆਗਾਮੀ ਨਵੰਬਰ ਮਹੀਨੇ ਹੋਣ ਵਾਲੀ ‘ਰਾਇਸ਼ੁਮਾਰੀ-2020’ ਦੇ ਸਮਰਥਨ ਲਈ ਪੰਜਾਬ ਦੇ ਖੇਤੀ ਕਰਜ਼ੇ ਨਾ ਮੋੜ ਸਕਣ ਵਾਲੇ ਕਿਸਾਨਾਂ ਨੂੰ ਹਰ ਮਹੀਨੇ ਪੈਸੇ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਐੱਸਐੱਫਜੇ ਖ਼ਿਲਾਫ਼ ਜਾਂਚ ਕਰ ਰਹੀਆਂ ਖੁਫ਼ੀਆਂ ਏਜੰਸੀਆਂ ਤੇ ਐੱਨਆਈਏ ਨੂੰ ਇਹ ਜਾਣਕਾਰੀ ਪੰਨੂ ਤੇ ਨਿੱਝਰ ਦੀਆਂ ਕ੍ਰਮਵਾਰ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹੇ ਵਿਚਲੀਆਂ ਜਾਇਦਾਦਾਂ ਜ਼ਬਤ ਕਰਨ ਦੇ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਇਕ ਦਿਨ ਬਾਅਦ ਮਿਲੀ ਹੈ।
ਐੱਸਐੱਫਜੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਹਰ ਡਿਫਾਲਟਰ ਕਿਸਾਨ ਨੂੰ 3000 ਰੁਪਏ ਦੇਣ ਦਾ ਐਲਾਨ ਕੀਤਾ ਸੀ ਤਾਂ ਜੋ ਉਹ ਕਰਜ਼ੇ ਦੀਆਂ ਕਿਸ਼ਤਾਂ ਮੋੜ ਸਕਣ। ਐੱਸਐੱਫਜੇ ਵੱਲੋਂ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਆਪਣਾ ਵਾਅਦਾ ਦੁਹਰਾਉਂਦਿਆਂ ਜਥੇਬੰਦੀ ਦੇ ਜਨਰਲ ਕੌਂਸਲ ਪੰਨੂ ਨੇ ਆਖਿਆ,‘‘ਭਾਰਤ ਸਰਕਾਰ ਮੇਰੀ ਜਾਇਦਾਦ ਜ਼ਬਤ ਕਰ ਸਕਦੀ ਹੈ ਪਰ ‘ਰਾਇਸ਼ੁਮਾਰੀ-2020’ ਨਹੀਂ ਰੋਕ ਸਕਦੀ।’’ ਇਸ ਤੋਂ ਪਹਿਲਾਂ ਐੱਸਐੱਫਜੇ ਨੇ ਪੰਜਾਬ ਵਿਚ ਆਗਾਮੀ 13 ਸਤੰਬਰ ਨੂੰ ਰੇਲ ਰੋਕ ਅੰਦੋਲਨ ਦਾ ਸੱਦਾ ਦਿੰਦਿਆਂ ਕੇਂਦਰੀ ਰੇਲ ਮੰਤਰੀ ਨੂੰ ਚਿਤਾਵਨੀ ਦਿੱਤੀ ਸੀ ਕਿ ਊਹ ਪੰਜਾਬ ਵਿੱਚ ਰੇਲ ਗੱਡੀਆਂ ਨਾ ਚਲਾਉਣ। ਐੱਸਐੈੱਫਜੇ ਨੇ ਮੰਤਰੀ ਨੂੰ ਈਮੇਲ ਭੇਜ ਕੇ ਪੰਜਾਬ ਵਿੱਚ ਕਰਜ਼ੇ ਕਾਰਨ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਐੱਨਆਈਏ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਐੱਸਐੱਫਜੇ ਸੋਸ਼ਲ ਮੀਡੀਆ ’ਤੇ ‘ਰਾਇਸ਼ੁਮਾਰੀ-2020’ ਦਾ ਪ੍ਰਚਾਰ ਕਰ ਰਹੀ ਹੈ। ਇਸੇ ਦੌਰਾਨ ਐੱਸਐੱਫਜੇ ਵੱਲੋਂ ਯੂਐੱਸ ਤੇ ਹੋਰਨਾਂ ਮੁਲਕਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ ਲਈ ਉਕਸਾਇਆ ਤੇ ਲਾਮੰਬਦ ਜਾ ਰਿਹਾ ਹੈ। ਹਲਾਂਕਿ ਭਾਰਤ ਵਿਚ ਰਹਿੰਦੇ ਸਿੱਖ ਐੱਸਐੱਫਜੇ ਦੇ ਏਜੰਡੇ ਨੂੰ ਨਕਾਰ ਚੁੱਕੇ ਹਨ। -ਆਈਏਐੱਨਐੱਸ
ਰਸੂਖਦਾਰਾਂ ’ਚ ਸ਼ੁਮਾਰ ਹੈ ਗੁਰਪਤਵੰਤ ਸਿੰਘ ਪੰਨੂ ਦਾ ਪਰਿਵਾਰ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਪਰਿਵਾਰ ਸ਼ਹਿਰ ਦੇ ਨਾਮੀ ਪਰਿਵਾਰਾਂ ਵਿਚੋਂ ਹੈ, ਜਿਸ ਦਾ ਇੱਕ ਰਿਸ਼ਤੇਦਾਰ ਭਾਰਤੀ ਸਫੀਰ ਵੀ ਰਹਿ ਚੁੱਕਾ ਹੈ। ਕੌਮੀ ਜਾਂਚ ਏਜੰਸੀ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੀ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਤੇ ਪਿੰਡ ਭੈਣੀਵਾਲ ਵਿਚਲੀ ਜਾਇਦਾਦ ਅਤੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਵਿਚ ਹਰਦੀਪ ਸਿੰਘ ਨਿੱਝਰ ਦੀ ਮਾਲਕੀਅਤ ਵਾਲੀ ਜਾਇਦਾਦ ਜ਼ਬਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਖਾਲਿਸਤਾਨ ਵਾਸਤੇ ਰਾਇਸ਼ੁਮਾਰੀ-2020 ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਗੁਰਪਤਵੰਤ ਸਿੰਘ ਪੰਨੂ ਦਾ ਪਰਿਵਾਰ ਪਿੰਡ ਖਾਨਕੋਟ ਦਾ ਰਹਿਣ ਵਾਲਾ ਹੈ, ਜਿਥੇ ਉਨ੍ਹਾਂ ਦੀ ਜੱਦੀ ਜਾਇਦਾਦ ਹੈ, ਜਿਸ ਵਿੱਚ ਵਾਹੀਯੋਗ ਜ਼ਮੀਨ ਵੀ ਹੈ। ਪਿੰਡ ਵਿੱਚ ਪੰਨੂ ਪਰਿਵਾਰ ਦੀ ਚੰਗੀ ਸਾਖ਼ ਹੈ ਕਿਉਂਕਿ ਇਸ ਪਰਿਵਾਰ ਦੇ ਨਾਲ ਭਾਰਤ ਦੇ ਸਾਬਕਾ ਸਫੀਰ ਮਰਹੂਮ ਦਲਜੀਤ ਸਿੰਘ ਪੰਨੂ ਦਾ ਨਾਂਅ ਵੀ ਜੁੜਿਆ ਹੋਇਆ ਹੈ। ਉਹ ਸ਼ਹਿਰ ਦੀ ਨਾਮੀ ਸ਼ਖ਼ਸੀਅਤ ਸਨ ਅਤੇ ਸਰਕਾਰੇ ਦਰਬਾਰੇ ਵੀ ਚੰਗਾ ਅਸਰ ਰਸੂਖ ਰੱਖਦੇ ਸਨ। ਵੇਰਵਿਆਂ ਮੁਤਾਬਕ ਗੁਰਪਤਵੰਤ ਸਿੰਘ ਪੰਨੂ ਦੇ ਪਿਤਾ ਮਹਿੰਦਰ ਸਿੰਘ ਅਤੇ ਦਲਜੀਤ ਸਿੰਘ ਪੰਨੂ ਦੇ ਪਿਤਾ ਮੋਹਨ ਸਿੰਘ ਦੋਵੇਂ ਭਰਾ ਸਨ। ਇਨ੍ਹਾਂ ਦਾ ਇਕ ਹੋਰ ਭਰਾ ਭਗਵਾਨ ਸਿੰਘ ਵੀ ਸੀ ਪਰ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਦਲਜੀਤ ਸਿੰਘ ਪੰਨੂ ਘਾਨਾ ਅਤੇ ਮੈਡਾਗਾਸਕਰ ਦੇਸ਼ਾਂ ਵਿਚ ਭਾਰਤੀ ਸਫੀਰ ਵਜੋਂ ਤਾਇਨਾਤ ਰਹੇ ਹਨ। ਉਨ੍ਹਾਂ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਰੋਕਣ ਦਾ ਵੀ ਯਤਨ ਕੀਤਾ ਸੀ ਅਤੇ ਇਸ ਸਬੰਧ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਅਤੇ ਉਸ ਵੇਲੇ ਦੀ ਕੇਂਦਰੀ ਸਰਕਾਰ ਨਾਲ ਵੀ ਗੱਲਬਾਤ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਸਨ। ਪੰਨੂ ਦੇ ਪਰਿਵਾਰ ਦੀ ਪਿੰਡ ਖਾਨਕੋਟ ਵਿੱਚ 22 ਏਕੜ ਜ਼ਮੀਨ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੇ ਭਰਾਵਾਂ ਦੀ ਜ਼ਮੀਨ ਵੀ ਸ਼ਾਮਲ ਹੈ। ਇਹ ਜ਼ਮੀਨ ਇਸ ਵੇਲੇ ਬਿਕਰਮ ਸਿੰਘ ਨਾਂਅ ਦਾ ਵਿਅਕਤੀ ਪਿਛਲੇ ਲਗਪਗ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਠੇਕੇ ’ਤੇ ਲੈ ਕੇ ਵਾਹੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੌਮੀ ਜਾਂਚ ਏਜੰਸੀ ਦੇ ਅਧਿਕਾਰੀ ਉਸ ਕੋਲ ਆਏ ਸਨ ਅਤੇ ਉਨ੍ਹਾਂ ਜ਼ਮੀਨ ਜਾਇਦਾਦ ਬਾਰੇ ਪੁੱਛ-ਪੜਤਾਲ ਕੀਤੀ ਸੀ।