ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਮਾਰਚ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਔਰਤ ਵੱਲੋਂ ਬੀੜੀ ਪੀਣ ਦਾ ਯਤਨ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਣਗਹਿਲੀ ਵਰਤਣ ਦੇ ਦੋਸ਼ ਹੇਠ ਸੱਤ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਤਿੰਨ ਦੇ ਤਬਾਦਲੇ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਨੇ ਹੁਣ ਸੁਲੱਖਣ ਸਿੰਘ ਭੰਗਾਲੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਮੈਨੇਜਰ ਨਿਯੁਕਤ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਫਲਾਇੰਗ ਵਿਭਾਗ ਕੋਲੋਂ ਪੜਤਾਲ ਕਰਵਾਈ ਸੀ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਕੁਲ ਦਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਕ ਗ਼ੈਰ-ਪੰਜਾਬੀ ਔਰਤ ਨੇ ਕੁਝ ਦਿਨ ਪਹਿਲਾਂ ਪਰਿਕਰਮਾ ਵਿੱਚ ਰਾਤ ਵੇਲੇ ਬੀੜੀ ਪੀਣ ਦੀ ਕੋਸ਼ਿਸ਼ ਕੀਤੀ ਸੀ। ਰਾਤ ਦੀ ਡਿਊਟੀ ’ਤੇ ਤਾਇਨਾਤ ਇੱਕ ਕਰਮਚਾਰੀ ਨੇ ਉਸ ਨੂੰ ਅਜਿਹਾ ਕਰਦਿਆਂ ਦੇਖ ਲਿਆ ਸੀ। ਬਾਅਦ ਵਿੱਚ ਉਸ ਔਰਤ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ ਨੇ ਪ੍ਰਧਾਨ ਨੂੰ ਪੱਤਰ ਭੇਜ ਕੇ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਫਲਾਇੰਗ ਵਿਭਾਗ ਦੀ ਪੜਤਾਲੀਆਂ ਰਿਪੋਰਟ ਦੇ ਆਧਾਰ ’ਤੇ ਮੁਅੱਤਲ ਕੀਤੇ ਮੁਲਾਜ਼ਮਾਂ ਵਿੱਚ ਨਰਿੰਦਰ ਸਿੰਘ ਮੈਨੇਜਰ, ਪਰਮਜੀਤ ਸਿੰਘ ਵਧੀਕ ਮੈਨੇਜਰ, ਗੁਰਸ਼ਿੰਦਰ ਸਿੰਘ ਨਿਗਰਾਨ, ਰਾਜਵਿੰਦਰ ਸਿੰਘ ਕਲਰਕ-ਕਮ-ਨਿਗਰਾਨ, ਕੁਲਦੀਪ ਸਿੰਘ ਸੇਵਾਦਾਰ, ਸੁਖਵਿੰਦਰ ਸਿੰਘ ਸੇਵਾਦਾਰ ਸੁਰੱਖਿਆ ਦਸਤਾ ਅਤੇ ਰਣਜੀਤ ਸਿੰਘ ਸੇਵਾਦਾਰ ਸ਼ਾਮਲ ਹਨ। ਇਨ੍ਹਾਂ ਦੇ ਹੈੱਡਕੁਆਰਟਰ ਵੱਖ-ਵੱਖ ਗੁਰਦੁਆਰਿਆਂ ਵਿੱਚ ਬਣਾਏ ਗਏ ਹਨ। ਇਸੇ ਮਾਮਲੇ ਵਿੱਚ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਨੂੰ ਤਬਦੀਲ ਕਰਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਜੋਂ ਤਾਇਨਾਤ ਕੀਤਾ ਹੈ ਤੇ ਉਨ੍ਹਾਂ ਦੀ ਥਾਂ ਸੁਲੱਖਣ ਸਿੰਘ ਭੰਗਾਲੀ ਨੇ ਕਾਰਜਭਾਰ ਸੰਭਾਲਿਆ ਹੈ।