ਪਾਲ ਸਿੰਘ ਨੌਲੀ
ਜਲੰਧਰ, 20 ਸਤੰਬਰ
ਕਮਿਸ਼ਨਰੇਟ ਪੁਲੀਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਕੋਲੋਂ 32 ਬੋਰ ਦੇ 12 ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਸਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸੂਰਜ ਕੁਮਾਰ, ਵਿਜੇ ਕੁਮਾਰ, ਜੋਬਨਜੀਤ ਸਿੰਘ, ਸਾਹਿਲ ਸੈਣੀ, ਅੰਮ੍ਰਿਤਪਾਲ ਸਿੰਘ, ਕੇਸ਼ਨ ਖੇੜਾ ਅਤੇ ਹਰਮਨਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਪੁਲੀਸ ਨੂੰ ਸਥਾਨਕ ਗਲੋਬਲ ਹਸਪਤਾਲ ਤੋਂ ਪੀਲੀਭੀਤ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਭਿਨਵ ਮਿਸ਼ਰਾ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਇਸ ਬਾਰੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੂਰਜ ਨਾਮੀ ਨੌਜਵਾਨ ਨੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਦਿਆਂ ਅਭਿਨਵ ’ਤੇ ਗੋਲੀਆਂ ਚਲਾਈਆਂ ਸਨ। ਪੁਲੀਸ ਨੇ ਸੂਰਜ ਨੂੰ ਕਾਬੂ ਕੀਤਾ। ਉਸ ਕੋਲੋਂ ਨਾਜਾਇਜ਼ ਹਥਿਆਰਾਂ ਬਾਰੇ ਪੁੱਛ-ਪੜਤਾਲ ਕੀਤੀ, ਜਿਸ ਵਿੱਚ ਪਤਾ ਲੱਗਿਆ ਕਿ ਉਹ ਅਭਿਨਵ ਨਾਲ ਮਿਲ ਕੇ ਪੰਜਾਬ ਵਿੱਚ ਨਾਜਾਇਜ਼ ਹਥਿਆਰਾਂ ਤੇ ਅਸਲੇ ਦੀ ਸਪਲਾਈ ਦਾ ਕੰਮ ਕਰਦਾ ਹੈ। ਇਹ ਹਥਿਆਰ ਉਹ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਲੈ ਕੇ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਸਪਲਾਈ ਕਰ ਰਿਹਾ ਸੀ। ਉਹ ਹੁਣ ਤੱਕ ਕਈ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾ ਚੁੱਕਾ ਹੈ। ਝੱਜਰ ਸਥਿਤ ਸੂਰਜ ਦੇ ਘਰ ਤੋਂ ਪੁਲੀਸ ਨੇ 4 ਪਿਸਤੌਲ, ਕਾਰਤੂਸ ਤੇ ਇਕ ਖੋਲ ਬਰਾਮਦ ਕੀਤਾ। ਇਸੇ ਤਰ੍ਹਾਂ 2 ਪਿਸਤੌਲ ਅਤੇ ਕਾਰਤੂਸ ਜੋਬਨਜੀਤ ਅਤੇ ਅੰਮ੍ਰਿਤਪਾਲ ਤੋਂ ਬਰਾਮਦ ਹੋਏ, ਇਕ ਪਿਸਤੌਲ ਤੇ 2 ਕਾਰਤੂਸ ਸਾਹਿਲ ਤੋਂ ਅਤੇ ਇੱਕ-ਇੱਕ ਪਿਸਤੌਲ ਕੇਸ਼ਵ, ਵਿਜੇ ਕੁਮਾਰ ਅਤੇ ਹਰਮਨਦੀਪ ਸਿੰਘ ਤੋਂ ਬਰਾਮਦ ਹੋਏ। ਵਿਜੇ ਕੁਮਾਰ ਨੂੰ ਪੁਲੀਸ ਕਪੂਰਥਲਾ ਜੇਲ੍ਹ ਅਤੇ ਜੋਬਨਜੀਤ ਨੂੰ ਗੁਰਦਾਸਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ। ਸੂਰਜ ਤਾਂ ਅਜੇ ਵੀ ਪੁਲੀਸ ਹਿਰਾਸਤ ਵਿੱਚ ਹੈ ਜਦਕਿ ਅਭਿਨਵ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਬਾਕੀ ਮੁਲਜ਼ਮਾਂ ਨੂੰ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਅਭਿਨਵ ਦੀ ਸਿਹਤ ’ਚ ਸੁਧਾਰ ਆਉਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।