ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ ਰਾਜਪੁਰਾ, 11 ਜੂਨ
ਲੰਘੀ ਰਾਤ ਝੁੱਲੇ ਝੱਖੜ ਨੇ ਪਟਿਆਲਾ ਜ਼ਿਲ੍ਹੇ ਵਿਚ ਸੱਤ ਮਨੁੱਖੀ ਜਾਨਾਂ ਲੈ ਲਈਆਂ। ਇਸ ਦੌਰਾਨ ਕਰੀਬ 24 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਰੋੜਾਂ ਦਾ ਮਾਲੀ ਨੁਕਸਾਨ ਵੀ ਹੋਇਆ। ਮ੍ਰਿਤਕਾਂ ’ਚ ਪੰਜ ਪਰਵਾਸੀ ਮਜ਼ਦੂਰ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਸਣੇ ਚਾਰ ਜਣੇ ਇੱਕੋ ਪਰਿਵਾਰ ਦੇ ਜੀਅ ਸਨ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਸਬੰਧੀ ਇਹ ਮੰਦਭਾਗੀ ਘਟਨਾ ਰਾਜਪੁਰਾ ਨੇੜੇ ਪਿੰਡ ਸੈਦਖੇੜੀ ਵਿੱਚ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਬਿਹਾਰ ਨਾਲ ਸਬੰਧਤ ਇਹ ਮਜ਼ਦੂਰ ਪਰਿਵਾਰ ਇੱਥੇ ਇੱਕ ਪਲਾਟ ਵਿਚ ਝੋਪੜੀ ਬਣਾ ਕੇ ਰਹਿ ਰਿਹਾ ਸੀ। ਝੱਖੜ ਦੌਰਾਨ ਪਲਾਟ ਦੀ ਚਾਰਦੀਵਾਰੀ ਵਾਲ਼ੀ ਕੰਧ ਝੌਪੜੀ ’ਤੇ ਡਿੱਗ ਗਈ, ਜਿਸ ਕਾਰਨ ਝੌਪੜੀ ਅੰਦਰ ਮੌਜੂਦ ਪਰਿਵਾਰ ਦੇ ਚਾਰੋਂ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਸਕੇ ਭਰਾ 25 ਸਾਲਾ ਗਿਰੀਸ਼ ਤੇ 30 ਸਾਲਾ ਰਾਮਸ੍ਰੀ ਸਣੇ ਗਿਰੀਸ਼ ਦੀਆਂ 6 ਤੇ 10 ਸਾਲਾਂ ਦੀਆਂ ਦੋ ਧੀਆਂ ਵੀ ਸ਼ਾਮਲ ਸਨ।
ਉੱਧਰ, ਝੱਖੜ ਤੋਂ ਬਚਣ ਲਈ ਇਕ ਢਾਬੇ ਦੇ ਬਾਹਰ ਇੱਕ ਕੰਟੇਨਰ (ਟਰੱਕ) ਦੀ ਓਟ ਵਿੱਚ ਖੜ੍ਹੇ ਰਾਜਪੁਰਾ ਦੇ ਵਸਨੀਕ ਸ਼ੇਖਰ ਗਿਰ ਦੀ ਵੀ ਮੌਤ ਹੋ ਗਈ। ਝੱਖੜ ਦੌਰਾਨ ਹਵਾ ਐਨੀ ਤੇਜ਼ ਸੀ ਕਿ ਕੰਟੇਨਰ ਹੀ ਉਸ ਦੇ ਉੱਪਰ ਪਲਟ ਗਿਆ ਤੇ ਹੇਠਾਂ ਦੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪਿੰਡ ਖੇੜੀ ਗੰਡਿਆਂ ਦਾ 41 ਸਾਲਾ ਕਿਸਾਨ ਗੁਰਜੀਤ ਸਿੰਘ ਖੇਤਾਂ ਵਿਚ ਟਿਊਬਵੈੱਲ ਦੀ ਮੋਟਰ ਚਲਾਉਣ ਗਿਆ ਸੀ। ਝੱਖੜ ਵਿਚ ਫਸਣ ਕਰ ਕੇ ਉਹ ਮੋਟਰ ਵਾਲੇ ਕੋਠੇ ਵਿਚ ਹੀ ਰੁਕ ਗਿਆ। ਇਸੇ ਦੌਰਾਨ ਇੱਕ ਦਰੱਖ਼ਤ ਟੁੱਟ ਕੇ ਕੋਠੇ ’ਤੇ ਆ ਡਿੱਗਿਆ ਜਿਸ ਕਾਰਨ ਕੋਠਾ ਢਹਿ ਗਿਆ ਤੇ ਇਸ ਦੇ ਹੇਠਾਂ ਦੱਬ ਕੇ ਕਿਸਾਨ ਦੀ ਮੌਤ ਹੋ ਗਈ।
ਇੱਥੇ ਸਨੌਰ ਵਿੱਚ ਵੀ ਘਰ ’ਚ ਸੁੱਤੇ ਪਏ 35 ਸਾਲਾ ਰਾਜੇਸ਼ ਕੁਮਾਰ ’ਤੇ ਝੱਖੜ ਦੌਰਾਨ ਡਿੱਗਿਆ ਦਰੱਖ਼ਤ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਅਜਿਹੀਆਂ ਹੀ ਕਈ ਹੋਰ ਘਟਨਾਵਾਂ ’ਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਰੀਬ 24 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਝੱਖੜ ਨੇ ਬਿਜਲੀ ਦੇ ਕਈ ਖੰਭੇ ਤੇ ਦਰੱਖਤ ਵੀ ਪੁੱਟ ਸੁੱਟੇ ਜਿਸ ਕਰ ਕੇ ਵੱਖ-ਵੱਖ ਖੇਤਰਾਂ ਵਿਚ ਬਿਜਲੀ ਗੁੱਲ ਤੇ ਆਵਾਜਾਈ ਠੱਪ ਰਹੀ। ਐਨੀ ਵੱਡੀ ਪੱਧਰ ’ਤੇ ਨੁਕਸਾਨ ਹੋਣ ਕਾਰਨ ਕਈ ਥਾਂ ਤਾਂ ਰਾਹਤ ਕਾਰਜ ਵੀ ਸਰਕਾਰੀ ਤੰਤਰ ਦੇ ਵੱਸੋਂ ਬਾਹਰ ਹੋਏ ਜਾਪ ਰਹੇ ਸਨ। ਕਈ ਖੇਤਰਾਂ ਵਿੱਚ ਤਾਂ ਅੱਜ ਦੇਰ ਸ਼ਾਮ ਤੱਕ ਵੀ ਬਿਜਲੀ ਸਪਲਾਈ ਬਹਾਲ ਨਹੀਂ ਸੀ ਹੋ ਸਕੀ।
ਝੋਨੇ ਦੀ ਲਵਾਈ ਦਾ ਕੰਮ ਵੀ ਪ੍ਰਭਾਵਿਤ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਨੇ ਕਿਹਾ ਕਿ ਨਾ ਸਿਰਫ਼ ਖੰਭੇ ਤੇ ਤਾਰਾਂ, ਬਲਕਿ ਖੇਤਾਂ ਵਿਚਲੇ ਸੈਂਕੜੇ ਟਰਾਂਸਫਾਰਮਰ ਡਿੱਗਣ ਕਰ ਕੇ ਝੋਨੇ ਦੀ ਲਵਾਈ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਤਾਂ ਅਗਲੇ ਕੁਝ ਦਿਨਾਂ ਤੱਕ ਬਿਜਲੀ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਹੈ। ਕਿਸਾਨ ਆਗੂ ਜਸਦੇਵ ਸਿੰਘ ਨੂਗੀ ਨੇ ਕਿਹਾ ਕਿ ਉਨ੍ਹਾਂ ਸਮੇਤ ਕਈ ਹੋਰ ਪਿੰਡ ਵਾਸੀਆਂ ਵੱਲੋਂ ਪਸ਼ੂਆਂ ਲਈ ਬਣਾਏ ਗਏ ਟੀਨਾਂ ਦੇ ਸ਼ੈੱਡ ਨਾ ਸਿਰਫ਼ ਪੁੱਟੇ ਗਏ ਬਲਕਿ ਕਈ ਹਿੱਸਿਆਂ ਵਿੱਚ ਦੂਰੋਂ-ਦੂਰੋਂ ਲੱਭਣੇ ਪਏ। ਇਸੇ ਤਰ੍ਹਾਂ ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਬਾਹਰ ਲੱਗੇ ਕਈ ਬੋਰਡਾਂ ਦਾ ਤਾਂ ਪਤਾ ਹੀ ਨਹੀਂ ਲੱਗ ਸਕਿਆ।