ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੁਲਾਈ
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐੱਸਆਈ ਜ਼ੋਨਲ ਹਸਪਤਾਲ ਸਿਹਤ ਸਹੂਲਤਾਂ ਦੀ ਅਣਹੋਂਦ ਹੈ। ਹਸਪਤਾਲ ਦੇ ਬਾਹਰ ਚਾਰ ਸਾਲ ਤੋਂ ਖਸਤਾ ਹਾਲਤ ਵਿੱਚ ਐਂਬੂਲੈਂਸ ਖੜ੍ਹੀ ਹੈ। ਬੀਤੇ ਦਿਨੀਂ ਫੈਕਟਰੀ ਵਿੱਚ ਡਿਊਟੀ ਦੌਰਾਨ ਔਰਤ ਸੰਜੂ ਦੇਵੀ (35) ਵਾਸੀ ਬਲੌਂਗੀ ਦਾ ਸਿਰ ਮਸ਼ੀਨ ਵਿੱਚ ਆਉਣ ਕਾਰਨ ਉਸ ਦੀ ਖੋਪੜੀ ਦੋਫਾੜ ਹੋ ਗਈ ਸੀ। ਜ਼ਖ਼ਮੀ ਔਰਤ ਨੂੰ ਤੁਰੰਤ ਨੇੜੇ ਹੀ ਈਐੱਸਆਈ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਉੱਥੇ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਡਾਕਟਰ ਇਲਾਜ ਨਹੀਂ ਕਰ ਸਕੇ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਮੈਡੀਕਲ ਕਮਿਸ਼ਨਰ ਡਾ. ਅਮਨ ਹਸਤੀਰ ਦੇ ਦਖ਼ਲ ਕਾਰਨ ਇੰਡਸ ਹਸਪਤਾਲ ਫੇਜ਼-1 ਵਿੱਚ ਔਰਤ ਨੂੰ ਰੈਫਰ ਕੀਤਾ ਗਿਆ ਪਰ ਹਸਪਤਾਲ ਦੀ ਐਂਬੂਲੈਂਸ ਕਿਸੇ ਹੋਰ ਮਰੀਜ਼ ਨੂੰ ਲੈਣ ਗਈ ਹੋਣ ਕਾਰਨ ਪੀੜਤ ਔਰਤ ਲਗਭਗ ਪੌਣਾ ਘੰਟਾ ਤੜਫ਼ਦੀ ਰਹੀ। ਊਨ੍ਹਾਂ ਕਿਹਾ ਕਿ ਈਐੱਸਆਈ ਦੀ ਐਂਬੂਲੈਂਸ ਕੰਡਮ ਖੜ੍ਹੀ ਹੈ। ਕਰੀਬ 50 ਮਿੰਟਾਂ ਬਾਅਦ ਐਂਬੂਲੈਂਸ ਪਹੁੰਚੀ ਅਤੇ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਊਸ ਦਾ ਛੇ ਘੰਟੇ ਅਪਰੇਸ਼ਨ ਚੱਲਿਆ। ਬਾਅਦ ਵਿੱਚ ਉਸ ਨੂੰ ਆਈਸੀਯੂ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ।
ਸਾਬਕਾ ਕੌਂਸਲਰ ਅਤੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਸਾਲ 2016 ਵਿੱਚ ਐਂਬੂਲੈਂਸ ਨੂੰ ਚਲਾਉਣ ਵਾਲਾ ਡਰਾਈਵਰ ਸੇਵਾਮੁਕਤ ਹੋ ਗਿਆ ਸੀ ਤੇ ਉਸ ਤੋਂ ਬਾਅਦ ਸਰਕਾਰ ਜਾਂ ਸਿਹਤ ਵਿਭਾਗ ਨੇ ਹਸਪਤਾਲ ਨੂੰ ਕੋਈ ਡਰਾਈਵਰ ਨਹੀਂ ਦਿੱਤਾ। ਐਂਬੂਲੈਂਸ ਦੇ ਟਾਇਰ ਵੀ ਗੱਲ਼ ਗਏ ਹਨ ਅਤੇ ਸ਼ੀਸ਼ੇ, ਬਾਰੀਆਂ ਅਤੇ ਸੀਟਾਂ ਵੀ ਖ਼ਰਾਬ ਹਨ। ਹਸਪਤਾਲ ਵਿੱਚ ਅਲਟਰਾਸਾਉਂਡ ਮਸ਼ੀਨ ਤਾਂ ਹੈ ਪਰ ਉਸ ਨੂੰ ਅਪਰੇਟ ਕਰਨ ਵਾਲਾ ਕੋਈ ਨਹੀਂ ਹੈ। ਮੈਡੀਕਲ ਸਟਾਫ਼ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਸਕਿਉਰਿਟੀ ਗਾਰਡ ਅਤੇ ਚੌਕੀਦਾਰ ਵੀ ਨਹੀਂ ਹੈ।
ਹਸਪਤਾਲ ’ਚ ਬੁਨਿਆਦੀ ਸਹੂਲਤਾਂ ਲਈ ਚੁੱਕੇ ਜਾਣਗੇ ਕਦਮ: ਸਿੱਧੂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫੈਕਟਰੀ ਵਿੱਚ ਵਾਪਰੇ ਹਾਦਸੇ ਤੋਂ ਅਨਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਇਸ ਬਾਰੇ ਪਤਾ ਲਗਾਉਣਗੇ ਅਤੇ ਈਐੱਸਆਈ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਦੌਰਾਨ ਅੱਜ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 5 ਐਡਵਾਂਸ ਲਾਈਫ਼ ਸੇਵਿੰਗ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ ਅਤੇ ਸਰਕਾਰ ਨੇ 17 ਏਐਲਐੱਸ ਅਤੇ 60 ਬੀਐਲਐੱਸ ਐਂਬੂਲੈਂਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਈਐੱਸਆਈ ਹਸਪਤਾਲ ਵਿੱਚ ਐਂਬੂਲੈਂਸ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਐਮਰਜੈਂਸੀ ਐਂਬੂਲੈਂਸਾਂ 20 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟ ਦੇ ਅੰਦਰ ਅੰਦਰ ਮੌਕੇ ’ਤੇ ਪਹੁੰਚਣਾ ਯਕੀਨੀ ਬਣਾਇਆ ਜਾਵੇਗਾ।