ਫਗਵਾੜਾ (ਪੱਤਰ ਪ੍ਰੇਰਕ): ਕਾਂਗਰਸ ਦੇ ਸੀਨੀਅਰ ਆਗੂ ਤੇ ਫਗਵਾੜਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੋਹਣ ਲਾਲ ਬੰਗਾ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਇਹ ਐਲਾਨ ਬੀਤੀ ਰਾਤ ਚੰਡੀਗੜ੍ਹ ਵਿਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ’ਚ ਕੀਤਾ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੋਹਨ ਲਾਲ ਨੇ ਕਿਹਾ ਕਿ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਲਈ ਉਹ ਕਾਂਗਰਸ ’ਚ ਸਰਗਰਮੀ ਨਾਲ ਕੰਮ ਕਰ ਰਹੇ ਸਨ। 2009 ਤੋਂ ਬਾਅਦ ਪਾਰਟੀ ਦੇ ਵੱਖ-ਵੱਖ ਆਗੂਆਂ ਤੇ ਹਾਈਕਮਾਂਡ ਨੇ ਉਨ੍ਹਾਂ ਨੂੰ ਅਨੇਕਾਂ ਥਾਵਾਂ ’ਤੇ ਵਰਤ ਕੇ ਹੁਣ ਤੱਕ ਉਨ੍ਹਾਂ ਦਾ ਕਰੀਬ 13 ਕਰੋੜ ਰੁਪਏ ਖ਼ਰਚ ਕਰਵਾਇਆ ਪਰ ਇਸ ਬਦਲੇ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖ਼ਰਚੇ ਹੋਏ ਪੈਸੇ ਦਾ ਉਨ੍ਹਾਂ ਕੋਲ ਪੂਰਾ ਹਿਸਾਬ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਾਰ ਵੀ ਕਾਂਗਰਸ ਨੇ ਉਨ੍ਹਾਂ ਨੂੰ ਜਾਣ ਬੁੱਝ ਕੇ ਟਿਕਟ ਨਹੀਂ ਦਿੱਤੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਭਾਜਪਾ ਵਿਚ ਜਾਣ ਦਾ ਫ਼ੈਸਲਾ ਲਿਆ।