ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜਨਵਰੀ
ਟਿਕਟ ਨਾ ਮਿਲਣ ਕਰਕੇ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਸਟੇਟ ਇੰਡਸਟਰੀਅਲ ਡਿਵਲੈਪਮੈਂਟ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਵੀ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਬਾਵਾ ਪਿਛਲੇ 40 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਆਤਮ ਨਗਰ ਹਲਕੇ ਤੇ ਦੱਖਣੀ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਸਨ।
ਆਤਮ ਨਗਰ ਤੋਂ ਕਾਂਗਰਸ ਨੇ ਪਹਿਲੀ ਸੂਚੀ ’ਚ ਹੀ ਇੱਥੋਂ 2017 ਦੀ ਚੋਣ ਹਾਰ ਚੁੱਕੇ ਕਮਲਜੀਤ ਸਿੰਘ ਕੜਵਲ ’ਤੇ ਦੁਬਾਰਾ ਦਾਅ ਖੇਡਿਆ ਹੈ। ਉਸ ਤੋਂ ਬਾਅਦ ਉਮੀਦ ਸੀ ਕਿ ਬਾਵਾ ਨੂੰ ਦੱਖਣੀ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਪਰ ਦੇਰ ਰਾਤ ਦੱਖਣੀ ਹਲਕੇ ਤੋਂ ਪਾਰਟੀ ਨੇ ਈਸ਼ਰਵਜੋਤ ਸਿੰਘ ਚੀਮਾ ਨੂੰ ਟਿਕਟ ਦੇ ਦਿੱਤੀ, ਜੋ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਹਨ। ਇਸ ਤੋਂ ਬਾਅਦ ਬਾਵਾ ਨੇ ਆਸ਼ੂ ਖ਼ਿਲਾਫ਼ ਦੱਖਣੀ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਸ ਵਾਰ ਟਿਕਟ ਦੀ ਵੰਡ ’ਚ ਕਾਫ਼ੀ ਅਣਦੇਖੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਖ਼ਿਲਾਫ਼ ਨਹੀਂ ਹਨ ਤੇ ਨਾ ਹੀ ਕਾਂਗਰਸ ਨੂੰ ਅਲਵਿਦਾ ਕਹਿਣਗੇ ਪਰ ਪੱਛਮੀ ਹਲਕੇ ਤੋਂ ਮੰਤਰੀ ਆਸ਼ੂ ਖ਼ਿਲਾਫ਼ ਉਹ ਆਜ਼ਾਦ ਚੋਣ ਲੜਨਗੇ। ਉਹ ਆਪਣੇ ਨਾਮਜ਼ਦਗੀ ਪੱਤਰ ਭਲਕੇ ਮੰਗਲਵਾਰ ਨੂੰ ਦਾਖ਼ਲ ਕਰਨਗੇ।