ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 5 ਸਤੰਬਰ
ਇੱਥੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਕੇ ਸ਼ਿਵਾ ਪ੍ਰਸ਼ਾਦ ਨੇ ਵਿਭਾਗ ਦੇ ਸੀਨੀਅਰ ਸਹਾਇਕ (ਲੇਖਾ) ਭੁਪਿੰਦਰ ਸਿੰਘ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮ ਅਧੀਨ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਸ ਖ਼ਿਲਾਫ਼ ਬਸੀ ਪਠਾਣਾਂ ਬਲਾਕ ਦੇ ਬੀਡੀਪੀਓ ਦੇ ਚਾਰਜ ਮੌਕੇ ਨਿਯਮਾਂ ਤੋਂ ਉਲਟ ਜਾ ਕੇ ਪੰਚਾਇਤ ਸਮਿਤੀ ਬਸੀ ਪਠਾਣਾਂ ਦੇ ਤਿੰਨ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਦੋਸ਼ ਹੈ। ਵਿੱਤੀ ਕਮਿਸ਼ਨਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਬੰਧਤ ਅਧਿਕਾਰੀ ਨੇ ਸਮਿਤੀ ਕਲਰਕ ਹਰਪ੍ਰੀਤ ਸਿੰਘ, ਸਮਿਤੀ ਪਟਵਾਰੀ ਜਸਦੀਪ ਸਿੰਘ ਅਤੇ ਮਾਲੀ-ਕਮ-ਚੌਕੀਦਾਰ ਸਵਰਨ ਸਿੰਘ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਸੀ। ਇਸ ਦੋਸ਼ ਹੇਠ ਭੁਪਿੰਦਰ ਸਿੰਘ ਨੂੰ ਵਿਭਾਗ ਵੱਲੋਂ 28-1-2022 ਨੂੰ ਚਾਰਜਸ਼ੀਟ ਕੀਤਾ ਸੀ। ਉਸ ਵੱਲੋਂ ਦਿੱਤੇ ਜਵਾਬ ਨੂੰ ਵਿਭਾਗ ਨੇ ਤਸੱਲੀਬਖਸ਼ ਨਾ ਮੰਨਦਿਆਂ ਸੇਵਾਮੁਕਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਜੀਤ ਸਿੰਘ ਕਟਾਰੀ ਨੂੰ ਮਾਮਲੇ ਦੀ ਪੜਤਾਲ ਸੌਂਪੀ ਸੀ। ਰੈਗੂਲਰ ਪੜਤਾਲ ਦੌਰਾਨ ਵੀ ਸਬੰਧਤ ਅਧਿਕਾਰੀ ਦੋਸ਼ੀ ਪਾਇਆ ਗਿਆ।