ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਾਰਚ
ਸਾਬਕਾ ਆਈਏਐੱਸ, ਆਈਪੀਐੱਸ, ਫੌਜੀ ਤੇ ਸੂਬਾਈ ਸਿਵਲ ਸੇਵਾਵਾਂ ਨਾਲ ਸਬੰਧਤ ਅਫ਼ਸਰਾਂ ਦੇ ਸਾਂਝੇ ਮੰਚ ਕਿਰਤੀ ਕਿਸਾਨ ਫੋਰਮ ਵੱਲੋਂ ਭਲਕੇ ਪੰਜਾਬ ਕਲਾ ਭਵਨ ਸੈਕਟਰ-16 ਵਿੱਚ ਸਾਢੇ ਦਸ ਵਜੇ ਕਿਸਾਨ ਅੰਦੋਲਨ ਬਾਰੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਖੇਤੀ ਖੇਤਰ ਦੇ ਮਾਹਿਰਾਂ ਦੇਵਿੰਦਰ ਸ਼ਰਮਾ, ਪ੍ਰੋਫੈਸਰ ਆਰ.ਐੱਸ ਘੁੰਮਣ ਅਤੇ ਪ੍ਰੋਫੈਸਰ ਅਨੂਪਮਾ ਦੇ ਨਾਲ ਨਾਲ ਸਾਬਕਾ ਸੀਨੀਅਰ ਅਧਿਕਾਰੀਆਂ ਐੱੱਸਐੱਸ ਬੋਪਾਰਾਏ, ਰਾਜਨ ਕਸ਼ਯਪ, ਰਮੇਸ਼ਇੰਦਰ ਸਿੰਘ, ਐੱਮਪੀਐੱਸ ਔਲਖ ਅਤੇ ਐੱਮਐੱਸ ਮਲਿਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਅਤੇ ਉਨ੍ਹਾਂ ਵਿਚਲੀਆਂ ਗੁੰਝਲਾਂ ’ਤੇ ਚਾਨਣਾ ਪਾਉਣਗੇ। ਫੋਰਮ ਦੇ ਬੁਲਾਰੇ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਨੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਸਾਰੇ ਵਰਗਾਂ ਨੂੰ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।