ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਇੱਥੋਂ ਦੇ ਕੁੰਦਨਪੁਰੀ ਇਲਾਕੇ ’ਚ ਅੱਜ ਇੱਕ ਅਧਿਆਪਕਾ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਘਰ ਦੀ ਛੱਤ ’ਤੇ ਸੜੀ ਹੋਈ ਮਿਲੀ। ਮ੍ਰਿਤਕਾ ਦੀ ਪਛਾਣ ਸ਼ਾਲਿਨੀ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਪੁਲੀਸ ਨੂੰ ਜਾਂਚ ਦੌਰਾਨ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਖ਼ੁਦ ਨੂੰ ਦੱਸਿਆ ਹੈ। ਸ਼ਾਲਿਨੀ ਦੀ ਮੌਤ ਮਗਰੋਂ ਉਸ ਦੀ 78 ਸਾਲਾ ਬਿਰਧ ਮਾਂ ਘਰ ’ਚ ਇਕੱਲੀ ਰਹਿ ਗਈ ਹੈ।ਸ਼ਾਲਿਨੀ (46) ਇੱਕ ਨਿੱਜੀ ਸਕੂਲ ’ਚ ਅਧਿਆਪਕਾ ਸੀ ਤੇ ਹਾਲੇ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ। ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਘਰ ਦੀ ਆਰਥਿਕ ਹਾਲਤ ਵੀ ਸਥਿਰ ਨਹੀਂ ਸੀ। ਸਵੇਰੇ ਇੱਕ ਔਰਤ ਨੇ ਉਸ ਦੀ ਲਾਸ਼ ਛੱਤ ’ਤੇ ਪਈ ਦੇਖੀ, ਜੋ ਬੁਰੀ ਤਰ੍ਹਾਂ ਸੜੀ ਹੋਈ ਸੀ। ਜਾਂਚ ਅਧਿਕਾਰੀ ਏਐੱਸਆਈ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।