ਟ੍ਰਿਬਿਊਨ ਨਿਊਜ ਸਰਵਿਸ
ਚੰਡੀਗੜ੍ਹ, 27 ਦਸੰਬਰ
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਦਾ ਅਕਸ ਖ਼ਰਾਬ ਕਰਨ ਲਈ ਚੋਣਵੀਂ ਜਾਣਕਾਰੀ ਹੀ ਮੀਡੀਆ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਕੋਈ ਜਾਣਦਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗ੍ਰਹਿ ਮੰਤਰੀ ਨਾਲ ਸਬੰਧਾਂ ਦੀ ਪੋਲ ਕਿਸ ਨੇ ਖੋਲ੍ਹੀ ਸੀ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਤੋਂ ਸੂਬੇ ਦੀਆਂ ਜੇਲ੍ਹਾਂ ਇਨ੍ਹਾਂ ਗੈਂਗਸਟਰਾਂ ਲਈ ਸਵਰਗ ਬਣੀਆਂ ਹੋਈਆਂ ਹਨ ਤੇ ਇਹ ਆਪਣਾ ਨੈੱਟਵਰਕ ਇਨ੍ਹਾਂ ਜੇਲ੍ਹਾਂ ਵਿੱਚੋਂ ਹੀ ਚਲਾ ਰਹੇ ਹਨ। ਸ੍ਰੀ ਰੋਮਾਣਾ ਨੇ ਦੋਸ਼ ਲਾਇਆ ਕਿ ਮੀਡੀਆ ਸਾਹਮਣੇ ਸਾਰੀ ਗੱਲ ਰੱਖਣ ਦੀ ਥਾਂ ਜੱਗੂ ਭਗਵਾਨਪੁਰੀਆ ਦੇ ਸਬੰਧ ਮਜੀਠੀਆ ਨਾਲ ਸਾਬਤ ਕਰਨ ਲਈ ਸਿਰਫ਼ ਚੋਣਵੀਂ ਜਾਣਕਾਰੀ ਹੀ ਸਾਂਝੀ ਕੀਤੀ ਜਾ ਰਹੀ ਹੈ। ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਝੂਠੇ ਕੇਸਾਂ ਦੀ ਜਾਂਚ ਕਰਵਾਈ ਜਾਵੇਗੀ।