ਗਗਨਦੀਪ ਅਰੋੜਾ
ਲੁਧਿਆਣਾ, 17 ਜੁਲਾਈ
ਇਥੋਂ ਦੇ ਰਾਹੋਂ ਰੋਡ ’ਤੇ ਸਥਿਤ ਪਿੰਡ ਸੇਖੋਵਾਲ ਦੇ ਲੋਕਾਂ ਨਾਲ ਮੁਲਾਕਾਤ ਕਰਨ ਲਈ ਅੱਜ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਪੁੱਜੀ। ਉਨ੍ਹਾਂ ਪਿੰਡ ਵਾਸੀਆਂ ਦਾ ਹਰ ਮੋਰਚਾਬੰਦੀ ਵਿਚ ਸਾਥ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਸ ਪਿੰਡ ਦੇ ਉਜਾੜੇ ਦਾ ਮੁੱਦਾ ਵਿਧਾਨ ਸਭਾ ਵਿਚ ਖੁਦ ਚੁੱਕਣਗੇ ਤੇ ਦੂਜੇ ਪਾਸੇ ਲੋਕ ਸਭਾ ਮੈਂਬਰ ਭਗਵੰਤ ਮਾਨ ਲੋਕ ਸਭਾ ਵਿਚ ਇਸ ਮੁੱਦੇ ’ਤੇ ਸਰਕਾਰ ਤੋਂ ਜਵਾਬ ਮੰਗਣਗੇ।
ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਸਰਕਾਰ ਸਨਅਤੀ ਵਿਕਾਸ ਦੇ ਨਾਂ ’ਤੇ ਪੂਰੇ ਪਿੰਡ ਦਾ ਉਜਾੜਾ ਕਰ ਰਹੀ ਹੈ। ਦੱਸ ਦਈਏ ਕਿ ‘ਪੰਜਾਬੀ ਟ੍ਰਿਬਿਊਨ’ ਵਿਚ ਖਬਰ ਛਪਣ ਤੋਂ ਬਾਅਦ ਵਿਧਾਇਕਾ ਮਾਣੂੰਕੇ ਪਿੰਡ ਪੁੱਜੇ। ਉਨ੍ਹਾਂ ਨੇ ਪਿੰਡ ਦੀ ਸਰਪੰਚ ਅਮਰੀਕ ਕੌਰ ਨਾਲ ਮੁਲਾਕਾਤ ਕੀਤੀ। ਇਸ ਪਿੰਡ ਦੀ 407 ਏਕੜ ਵਾਹੀਯੋਗ ਜ਼ਮੀਨ ਸਰਕਾਰ ਐਕੁਆਇਰ ਕਰ ਰਹੀ ਹੈ। ਇਸ ਨਾਲ ਪਿੰਡ ਵਾਸੀ ਪ੍ਰੇਸ਼ਾਨ ਹੋ ਰਹੇ ਹਨ।
ਸਰਪੰਚ ਨੇ ਮਤਾ ਪਾ ਕੇ ਗ੍ਰਾਮ ਸਭਾ ਸੱਦੀ
ਸਰਪੰਚ ਅਮਰੀਕ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੇ 36 ਸਾਲ ਕਾਨੂੰਨੀ ਲੜਾਈ ਤੋਂ ਬਾਅਦ ਪਿੰਡ ਦੀ ਜ਼ਮੀਨ ਪੰਚਾਇਤ ਦੇ ਨਾਂ ਕਰਵਾਈ ਸੀ। ਹੁਣ ਪਿੰਡ ਦੇ ਹਰ ਘਰ ਕੋਲ 5-5 ਏਕੜ ਪੰਚਾਇਤੀ ਜ਼ਮੀਨ ਹੈ ਜਿਸ ’ਤੇ ਖੇਤੀ ਕਰਕੇ ਉਨ੍ਹਾਂ ਦੇ ਪਿੰਡ ਵਾਸੀ ਆਪਣੀ ਜ਼ਿੰਦਗੀ ਕੱਟ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਧੀਰ ਸਿੰਘ ਨੇ ਦੱਸਿਆ ਕਿ ਹੁਣ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਗ੍ਰਾਮ ਸਭਾ ਲਈ ਸਰੰਪਚ ਨੂੰ ਕਿਹਾ ਸੀ, ਜਿਨ੍ਹਾਂ ਨੇ ਚਿੱਠੀ ਕੱਢ ਕੇ 21 ਜੁਲਾਈ ਨੂੰ ਗ੍ਰਾਮ ਸਭਾ ਸੱਦ ਲਈ ਹੈ ਜਿਸ ਵਿਚ ਪਿੰਡ ਵਾਸੀ ਅਗਲਾ ਫੈਸਲਾ ਲੈਣਗੇ।