ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 27 ਜੁਲਾਈ
ਕਾਂਗਰਸੀ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁਹਾਲੀ ਵਿੱਚ ਅਣਅਧਿਕਾਰਿਤ ਕਲੋਨੀਆਂ ਕੱਟਣ ਸਬੰਧੀ ਚਾਰ ਦਰਜਨ ਦੇ ਕਰੀਬ ਬਿਲਡਰਾਂ ਵਿਰੁੱਧ ਪਰਚੇ ਦਰਜ ਕਰਨ ਤੋਂ ਬਾਅਦ ਬਣਾਈ ਸਿਟ ਨੂੰ ਪੀੜਤਾਂ ਦੀਆਂ ਸ਼ਿਕਾਇਤਾਂ ਹਾਸਲ ਕਰਨ ਲਈ ਜਨਤਕ ਨੋਟਿਸ ਜਾਰੀ ਕਰਨ ਲਈ ਆਖਿਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਮੁਹਾਲੀ, ਖਰੜ ਅਤੇ ਚੰਡੀਗੜ੍ਹ ਦੇ ਰੀਅਲ ਅਸਟੇਟ ਮਾਫ਼ੀਆ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇੱਕ ਬਿਆਨ ਰਾਹੀਂ ਸ੍ਰੀ ਤਿਵਾੜੀ ਨੇ ਆਖਿਆ ਕਿ ਅਖੌਤੀ ਬਿਲਡਰ ਖ਼ਰੀਦਦਾਰਾਂ ਦੀ ਕਮਾਈ ਹੜੱਪ ਰਹੇ ਹਨ ਤੇ ਉਨ੍ਹਾਂ ਨੂੰ ਵਾਅਦੇ ਅਨੁਸਾਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾ ਰਹੇ। ਉਨ੍ਹਾਂ ਕਿਹਾ ਕਿ ਕਬਜ਼ੇ ਵਿੱਚ ਦੇਰੀ, ਝੂਠੇ ਵਾਅਦੇ, ਨਿਰਧਾਰਿਤ ਅਰਸੇ ਵਿੱਚ ਪ੍ਰਾਜੈਕਟ ਮੁਕੰਮਲ ਨਾ ਕਰਨ ਦੀਆਂ ਦਰਜਨਾਂ ਸ਼ਿਕਾਇਤਾਂ ਹਨ। ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਬਣਾਈ ਸਿਟ ਨੂੰ ਇਨ੍ਹਾਂ ਸ਼ਿਕਾਇਤਕਰਤਾਵਾਂ ਲਈ ਜਨਤਕ ਨੋਟਿਸ ਜਾਰੀ ਕਰ ਕੇ ਲੋਕਾਂ ਕੋਲੋਂ ਇੱਕੋ ਵਾਰ ਸ਼ਿਕਾਇਤਾਂ ਹਾਸਲ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਖ਼ਰੀਦਦਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਮੰਚਾਂ ਉੱਤੋਂ ਇਹ ਮੁੱਦਾ ਉਠਾਉਣਗੇ।