ਚਰਨਜੀਤ ਭੁੱਲਰ
ਚੰਡੀਗੜ੍ਹ, 8 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ’ਚ ਦਰਜਨਾਂ ਅਜਿਹੇ ਉਮੀਦਵਾਰ ਵੀ ਉੱਤਰੇ ਹੋਏ ਹਨ, ਜਿਨ੍ਹਾਂ ਕੋਲ ਨਾ ਘਰ-ਬਾਰ ਹੈ ਅਤੇ ਨਾ ਹੀ ਕੋਈ ਬਹੁਤੀ ਸੰਪਤੀ। ਉਨ੍ਹਾਂ ਦੀ ਟੱਕਰ ਕਰੋੜਪਤੀ ਉਮੀਦਵਾਰਾਂ ਨਾਲ ਹੈ। ਡੇਢ ਦਰਜਨ ਦੇ ਕਰੀਬ ਉਮੀਦਵਾਰ ਹਨ, ਜਿਨ੍ਹਾਂ ਕੋਲ ਸੰਪਤੀ ਨਾਂਮਾਤਰ ਹੀ ਹੈ। ਇਨ੍ਹਾਂ ’ਚ ਜ਼ਿਆਦਾ ਗਿਣਤੀ ਆਜ਼ਾਦ ਉਮੀਦਵਾਰਾਂ ਦੀ ਹੈ। ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਸਨ ਤਾਂ ਉਦੋਂ ਸੱਤ ਅਜਿਹੇ ਉਮੀਦਵਾਰ ਚੋਣ ਲੜੇ ਸਨ, ਜਿਨ੍ਹਾਂ ਕੋਲ ਕੋਈ ਜਾਇਦਾਦ ਨਹੀਂ ਸੀ। ਬੇਸ਼ੱਕ ਇਨ੍ਹਾਂ ’ਚ ਬਹੁਤੀ ਕਾਮਯਾਬੀ ਨਹੀਂ ਮਿਲਦੀ ਹੈ ਪਰ ਉਹ ਫਿਰ ਵੀ ਹਿੰਮਤ ਨਹੀਂ ਹਾਰਦੇ।
ਹਲਕਾ ਭਦੌੜ ਤੋਂ ਸੀਪੀਆਈ (ਮਾਰਕਸਵਾਦੀ-ਲੈਨਿਨਵਾਦੀ) ਲਬਿਰੇਸ਼ਨ ਦੇ ਉਮੀਦਵਾਰ ਭਗਵੰਤ ਸਿੰਘ ਸਮਾਓਂ ਹਨ, ਜਿਨ੍ਹਾਂ ਸਾਹਮਣੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਹਨ। ਉਮੀਦਵਾਰ ਸਮਾਓਂ ਕੋਲ ਨਾ ਘਰ ਹੈ ਅਤੇ ਨਾ ਹੀ ਬਾਰ ਹੈ। ਹੱਥ ਖਾਲੀ ਹਨ ਤੇ ਸਿਰ ’ਤੇ ਕਰਜ਼ਾ ਹੈ। ਉਨ੍ਹਾਂ ਕੋਲ ਪੰਜ ਹਜ਼ਾਰ ਰੁਪਏ ਦੀ ਨਕਦੀ ਹੈ ਅਤੇ ਬੈਂਕ ਖਾਤੇ ਵਿਚ ਚਾਰ ਹਜ਼ਾਰ ਰੁਪਏ। ਪਤਨੀ ਕੋਲ 150 ਗਰਾਮ ਸੋਨਾ ਹੈ। ਇਸ ਦੇ ਉਲਟ ਕਾਂਗਰਸੀ ਉਮੀਦਵਾਰ ਚੰਨੀ ਕੋਲ ਕਰੋੜਾਂ ਦੀ ਸੰਪਤੀ ਹੈ। ਭਗਵੰਤ ਸਿੰਘ ਸਮਾਓਂ ਆਖਦੇ ਹਨ ‘‘ਮੇਰੇ ਕੋਲ ਘਰ ਤੇ ਸੰਪਤੀ ਤਾਂ ਨਹੀਂ ਹੈ ਪਰ ਗੁਰੂ ਗੋਬਿੰਦ ਸਿੰਘ, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਦਾ ਖਜ਼ਾਨਾ ਜ਼ਰੂਰ ਹੈ।’’ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਕੋਲ ਇੱਕ ਮੋਟਰਸਾਈਕਲ ਹੀ ਹੈ। ਉਨ੍ਹਾਂ ਦਾ ਨਾ ਕੋਈ ਘਰ ਹੈ ਅਤੇ ਨਾ ਹੀ ਖੇਤ। 43 ਹਜ਼ਾਰ ਦਾ ਇੱਕ ਮੋਟਰਸਾਈਕਲ ਹੈ ਅਤੇ ਪਤਨੀ ਕੋਲ ਚਾਰ ਤੋਲੇ ਸੋਨਾ ਹੈ। ਉਨ੍ਹਾਂ ਕੋਲ ਕੁੱਲ 3.65 ਲੱਖ ਦੀ ਸੰਪਤੀ ਹੈ। ਉਗੋਕੇ ਆਖਦੇ ਹਨ ਕਿ ਹਿੰਮਤ, ਹੌਸਲੇ ਅਤੇ ਜਜ਼ਬੇ ਨਾਲ ਪੈਸੇ ਨੂੰ ਹਰਾਇਆ ਜਾਵੇਗਾ। ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਨਰਿੰਦਰ ਕੌਰ ਭਰਾਜ ਦੇ ਬੈਂਕ ਖਾਤੇ ਵਿਚ ਥੋੜੀ ਜਿਹੀ ਰਾਸ਼ੀ ਹੈ। ਉਨ੍ਹਾਂ ਕੋਲ ਵੀ ਘਰ ਅਤੇ ਹੋਰ ਸੰਪਤੀ ਨਹੀਂ ਹੈ। ਲੁਧਿਆਣਾ ਉੱਤਰੀ ਤੋਂ ਪੀਪਲਜ਼ ਪਾਰਟੀ ਆਫ ਇੰਡੀਆ (ਡੀ) ਦੇ ਉਮੀਦਵਾਰ ਅਵਤਾਰ ਸਿੰਘ ਦਾ ਵੀ ਇਹ ਹੀ ਹਾਲ ਹੈ, ਜਿਨ੍ਹਾਂ ਕੋਲ ਕੋਈ ਸੰਪਤੀ ਨਹੀਂ ਹੈ, ਸਿਵਾਏ ਕਰੀਬ ਇੱਕ ਲੱਖ ਰੁਪਏ ਦੀ ਨਕਦੀ ਦੇ। ਉਨ੍ਹਾਂ ਦੇ ਨਾਂ ’ਤੇ ਕੋਈ ਘਰ ਨਹੀਂ ਹੈ।
ਮੁਕਤਸਰ ਹਲਕੇ ਤੋਂ ਨੈਸ਼ਨਲ ਜਸਟਿਸ ਪਾਰਟੀ ਦੇ ਉਮੀਦਵਾਰ ਬਲਵੰਤ ਸਿੰਘ ਚੋਣ ਮੈਦਾਨ ਵਿਚ ਹਨ। ਮਰਹੂਮ ਮੁੱਖ ਮੰਤਰੀ ਹਰਚਰਨ ਬਰਾੜ ਦੀ ਨੂੰਹ ਕਰਨ ਬਰਾੜ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਹੈ ਅਤੇ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਹੈ। ਬਲਵੰਤ ਸਿੰਘ ਕੋਲ ਸਿਰਫ 20 ਕੁ ਹਜ਼ਾਰ ਰੁਪਏ ਦੀ ਨਕਦੀ ਹੈ। ਇਸ ਤੋਂ ਬਿਨਾਂ ਕੋਈ ਸੰਪਤੀ ਨਹੀਂ। ਬਾਬਾ ਬਕਾਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਜਸਬੀਰ ਕੌਰ ਕੋਲ ਸਿਰਫ ਪੰਜ ਮਰਲੇ ਦਾ ਘਰ ਹੈ। ਨਕਦੀ ਵਿਚ ਪੰਜ ਹਜ਼ਾਰ ਰੁਪਏ ਅਤੇੇ ਇੱਕ ਤੋਲਾ ਸੋਨਾ ਹੈ। 2017 ਵਿਚ ਪੰਜਾਬ ਦੇ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ’ਚੋਂ 60 ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਕੋਲ ਪ੍ਰਤੀ ਉਮੀਦਵਾਰ ਕੁੱਲ ਸੰਪਤੀ 50 ਹਜ਼ਾਰ ਰੁਪਏ ਤੋਂ ਘੱਟ ਦੀ ਸੀ। ਇਸੇ ਤਰ੍ਹਾਂ 37 ਉਮੀਦਵਾਰਾਂ ਕੋਲ ਪ੍ਰਤੀ ਉਮੀਦਵਾਰ 50 ਹਜ਼ਾਰ ਰੁਪਏ ਤੋਂ ਇੱਕ ਲੱਖ ਰੁਪਏ ਤੱਕ ਦੀ ਜਾਇਦਾਦ ਸੀ।
ਮਾਨਸਾ ਤੋਂ ਚੋਣ ਲੜ ਰਹੇ ਸ਼ਿਵਚਰਨ ਦਾਸ ਦੀ ਜੇਬ ’ਚ ਸਿਰਫ ਹਜ਼ਾਰ ਰੁਪਏ
ਮਾਨਸਾ ਹਲਕੇ ਤੋਂ ਸੀਪੀਆਈ (ਐੱਮਐੱਲ) ਰੈੱਡ ਸਟਾਰ ਪਾਰਟੀ ਦੇ ਉਮੀਦਵਾਰ ਸ਼ਿਵਚਰਨ ਦਾਸ ਵੀ ਚੋਣ ਮੈਦਾਨ ਵਿਚ ਹਨ। ਉਨ੍ਹਾਂ ਕੋਲ ਵੀ ਨਾ ਘਰ ਅਤੇ ਨਾ ਕੋਈ ਹੋਰ ਸੰਪਤੀ ਹੈ। ਉਹ ਤਲਾਕਸ਼ੁਦਾ ਹਨ ਅਤੇ ਉਨ੍ਹਾਂ ਕੋਲ ਇੱਕ ਹਜ਼ਾਰ ਰੁਪਏ ਨਕਦ ਅਤੇ ਪੰਜ ਸੌ ਰੁਪਏ ਬੈਂਕ ਖਾਤੇ ਵਿਚ ਹਨ। ਇਸ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਜਾਇਦਾਦ ਨਹੀਂ ਹੈ। ਸ਼ਿਵਚਰਨ ਦਾਸ ਉਸ ਹਲਕਾ ਮਾਨਸਾ ਵਿਚ ਡਟੇ ਹੋਏ ਹਨ, ਜਿੱਥੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਚੋਣ ਲੜ ਰਹੇ ਹਨ।