ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਸਤੰਬਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹ ਇੱਥੇ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਪੱਟੀ ਨਾਲ ਸਬੰਧਤ ਸਰਪੰਚਾਂ ਨਾਲ ਗੱਲਬਾਤ ਕਰਦੇ ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਸਹਿਯੋਗ ਮੰਗਿਆ ਹੈ।
ਉਨ੍ਹਾਂ ਸਰਹੱਦੀ ਇਲਾਕੇ ’ਚ ਹੁੰਦੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਇਸ ਮਾਈਨਿੰਗ ਨਾਲ ਸਰਹੱਦ ਉਤੇ ਬਣੇ ਫੌਜ ਦੇ ਮੋਰਚੇ, ਬੰਕਰ ਅਤੇ ਪੁਲਾਂ ਤੱਕ ਨੂੰ ਨੁਕਸਾਨ ਹੋ ਰਿਹਾ ਹੈ, ਜੋ ਰਾਸ਼ਟਰ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਉੁਨ੍ਹਾਂ ਸਰਹੱਦੀ ਲੋਕਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਸਰੱਹਦੀ ਲੋਕ ਤਸਕਰੀ ਤੇ ਮਾਈਨਿੰਗ ਵਰਗੇ ਖਤਰਿਆਂ ਤੋਂ ਸੁਚੇਤ ਹੋ ਜਾਣ ਤਾਂ ਇਹ ਕੁਰੀਤੀਆਂ ਨੂੰ ਜਲਦੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸਰਹੱਦੀ ਖੇਤਰ ਦੇ 6 ਜ਼ਿਲ੍ਹਿਆਂ ਵਿੱਚ ਨਾਗਰਿਕ ਸੁਰੱਖਿਆ ਕਮੇਟੀਆਂ ਬਣਾਉਣ ਜੋ ਕਿ ਆਪਣੇ-ਆਪਣੇ ਇਲਾਕੇ ਵਿੱਚ ਸਮਾਜਿਕ ਮੁੱਦਿਆਂ ’ਤੇ ਕੰਮ ਕਰਨ। ਸਰਹੱਦੀ ਖੇਤਰ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਫੌਜ ਦੀ ਅਗਨੀਪਥ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਰਾਜਪਾਲ ਨੇ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਦੁਸ਼ਮਣ ਦੇਸ਼ ਦੀ ਚਾਲ ਹੈ ਜੋ ਕਿ ਸਿੱਧੇ ਤੌਰ ’ਤੇ ਸਾਡੇ ਨਾਲ ਨਹੀਂ ਲੜ ਸਕਦਾ, ਪਰ ਅਜਿਹੀਆਂ ਸਾਜ਼ਿਸ਼ਾਂ ਨਾਲ ਦੇਸ਼ ਨੂੰ ਕਮਜ਼ੋਰ ਕਰਨ ਦੀ ਨੀਅਤ ਰੱਖਦਾ ਹੈ। ਉਨ੍ਹਾਂ ਤਸਕਰੀ ਦੇ ਖਾਤਮੇ ਲਈ ਪੰਚਾਂ-ਸਰਪੰਚਾਂ ਦੇ ਨਾਲ-ਨਾਲ ਮੀਡੀਆ ਤੋਂ ਵੀ ਸਹਿਯੋਗ ਮੰਗਿਆ। ਰਾਜਪਾਲ ਨੇ ਦੱਸਿਆ ਕਿ ਉਹ ਇਕ ਸਾਲ ਵਿੱਚ ਤੀਜੀ ਵਾਰ ਇਸ ਮਿਸ਼ਨ ’ਤੇ ਆਏ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਤਸਕਰਾਂ ਅਤੇ ਪੁਲੀਸ ਦੀ ਕਥਿਤ ਮਿਲੀਭੁਗਤ ਹੈ ਤੇ ਇਸ ਗੱਠਜੋੜ ਨੂੰ ਵੀ ਤੋੜਨ ਦੀ ਲੋੜ ਹੈ। ਰਾਜਪਾਲ ਨੇ ਇਸ ਤੋਂ ਬਾਅਦ ਪੁਲੀਸ, ਬੀਐੱਸਐੱਫ, ਫੌਜ, ਰਾਅ, ਇੰਟੈਲੀਜੈਂਸ, ਪ੍ਰਸ਼ਾਸਨ ਅਤੇ ਸਰਹੱਦੀ ਖੇਤਰ ਵਿੱਚ ਦੇਸ਼ ਦੀ ਸੁਰੱਖਿਆ ਲਈ ਕੰਮ ਕਰਦੀਆਂ ਏਜੰਸੀਆਂ ਦੇ ਮੁਖੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਪੁਲੀਸ ਨਸ਼ੇ ਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਕੰਮ ਸ਼ੁਰੂ ਕਰ ਚੁੱਕੀ ਹੈ ਅਤੇ ਛੇਤੀ ਹੀ ਇਸ ਦੇ ਨਤੀਜੇ ਲੋਕਾਂ ਸਾਹਮਣੇ ਆਉਣਗੇ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਐੱਨਆਈਏ ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ’ਚ ਪੰਜਾਬ ਪੁਲੀਸ ਦਾ ਬਰਾਬਰ ਸਹਿਯੋਗ ਰਿਹਾ ਹੈ, ਜੋ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਬੜਾ ਜ਼ਰੂਰੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਲਾਲਜੀਤ ਸਿੰਘ ਭੁੱਲਰ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਪ੍ਰਿੰਸੀਪਲ ਸੈਕਟਰੀ ਜੇਐਮ ਬਾਲਾਮੁਰੂਗਨ, ਪ੍ਰਿੰਸੀਪਲ ਸੈਕਟਰੀ ਰਮੇਸ਼ ਕੁਮਾਰ ਗੇਂਟਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ, ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਹਰ ਪਿੰਡ ਵਿੱਚ 11 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਬਣਾਉਣ ਦੇ ਨਿਰਦੇਸ਼
ਪਠਾਨਕੋਟ (ਐੱਨਪੀ ਧਵਨ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਾਜਾਇਜ਼ ਖਣਨ ਰੋਕਣ ਲਈ ਪ੍ਰਸ਼ਾਸਨ ਅਤੇ ਪੁਲੀਸ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਉਹ ਇੱਥੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਦਾ ਪਤਾ ਕਰਨ ਲਈ ਸਰਪੰਚਾਂ ਤੇ ਪੰਚਾਂ ਨੂੰ ਮਿਲਣ ਆਏ ਸਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਮੁੱਖ ਸਕੱਤਰ ਵੀ ਕੇ ਜੰਜੂਆ, ਡੀਜੀਪੀ ਗੌਰਵ ਯਾਦਵ, ਵਿਧਾਇਕ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸ੍ਰੀ ਪੁਰੋਹਿਤ ਨੇ ਕਿਹਾ ਕਿ ਸਰਹੱਦੀ ਖੇਤਰ ਵਿਚ ਨਾਜਾਇਜ਼ ਖਣਨ ਰੋਕਣ ਲਈ ਹਰ ਪਿੰਡ ਵਿਚ 11 ਮੈਂਬਰੀ ਸੁਰੱਖਿਆ ਕਮੇਟੀ ਬਣਾਈ ਜਾਵੇ। ਉਨ੍ਹਾਂ ਨਾਜਾਇਜ਼ ਖਣਨ ਕਰਨ ਵਾਲਿਆਂ ਨੂੰ ਦੇਸ਼ ਦਾ ਗੱਦਾਰ ਐਲਾਨਦਿਆਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਖਣਨ ਐਕਟ ਤੋਂ ਇਲਾਵਾ ਦੇਸ਼ ਧਰੋਹ ਦਾ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਹੋਣ ਨਾਲ ਸਰਹੱਦੀ ਖੇਤਰ ਅੰਦਰ ਪੁਲਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਉਥੇ ਬਣੇ ਹੋਏ ਬੀਐੱਸਐੱਫ ਤੇ ਫੌਜ ਦੇ ਬੰਕਰ ਟੁੱਟ ਰਹੇ ਹਨ। ਇਸ ਦੇ ਨਾਲ ਸਰਹੱਦੀ ਖੇਤਰ ਵਿੱਚ ਡਰੋਨਾਂ ਦੀਆਂ ਗਤੀਵਿਧੀਆਂ ਕਾਫੀ ਵੱਧ ਗਈਆਂ ਹਨ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਹਰ ਪਿੰਡ ਵਿੱਚ 11 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਬਣਾਈ ਜਾਵੇ। ਇਹ ਕਮੇਟੀ ਚੌਕਸ ਰਹੇ ਅਤੇ ਜਦ ਵੀ ਕਿਸੇ ਪਿੰਡ ਵਿੱਚ ਕੋਈ ਮਸ਼ਕੂਕ ਨਜ਼ਰ ਆਵੇ ਤਾਂ ਉਸ ਬਾਰੇ ਉਥੋਂ ਦੇ ਸਰਪੰਚ ਰਾਹੀਂ ਪੁਲੀਸ ਤੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਕਹੇ ਜਾ ਸਕਦੇ ਕਿਉਂਕਿ ਨਾਜਾਇਜ਼ ਖਣਨ ਸ਼ਰ੍ਹੇਆਮ ਹੋ ਰਹੀ ਹੈ। ਇਸ ਦੀ ਕਿਵੇਂ ਇਜਾਜ਼ਤ ਦਿੱਤੀ ਜਾ ਰਹੀ ਹੈ।
ਰਾਜਪਾਲ ਨੇ ਸਮੱਸਿਆਵਾਂ ਸੁਣਨ ਦੀ ਥਾਂ ਭਾਸ਼ਣ ਹੀ ਦਿੱਤਾ
ਪਠਾਨਕੋਟ: ਰਾਜਪਾਲ ਸਰਹੱਦੀ ਖੇਤਰ ਦੇ ਪੰਚਾਂ-ਸਰਪੰਚਾਂ ਦੀਆਂ ਮੁਸ਼ਕਲਾਂ ਸੁਣਨ ਲਈ ਆਏ ਸਨ ਪਰ ਉਨ੍ਹਾਂ ਕਿਸੇ ਦੀ ਵੀ ਕੋਈ ਮੁਸ਼ਕਲ ਨਾ ਸੁਣੀ ਤੇ ਆਪਣਾ ਭਾਸ਼ਣ ਹੀ ਦਿੱਤਾ। ਉਨ੍ਹਾਂ ਨੂੰ ਇਹ ਸੁਆਲ ਕੀਤਾ ਗਿਆ ਕਿ ਪੰਜਾਬ ਅੰਦਰ ਖਣਨ ਬੰਦ ਹੋਣ ਨਾਲ ਰੇਤਾ, ਬਜਰੀ ਦੇ ਰੇਟ ਬਹੁਤ ਵੱਧ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੇਸ਼ ਦੀ ਸੁਰੱਖਿਆ ਸਭ ਤੋਂ ਉੱਪਰ ਹੈ, ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਹੈ। ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 11 ਸਾਲ ਦੇ ਕਾਰਜਕਾਲ ਵਿੱਚ ਨਾਜਾਇਜ਼ ਖਣਨ ਧੜਾਧੜ ਚੱਲਦੀ ਰਹੀ ਤਾਂ ਉਸ ਵੇਲੇ ਬੀਐੱਸਐੱਫ ਕਿਉਂ ਚੁੱਪ ਰਹੀ ਤਾਂ ਰਾਜਪਾਲ ਪੰਜਾਬ ਰਾਸ਼ਟਰ ਦੀ ਸੁਰੱਖਿਆ ਦਾ ਮੁੱਦਾ ਕਹਿ ਕੇ ਸਵਾਲ ਟਾਲ ਗਏ। ਉਨ੍ਹਾਂ ਕਿਹਾ ਕਿ ਉਹ ਇੱਥੇ ਕੋਈ ਰਾਜਨੀਤੀ ਕਰਨ ਨਹੀਂ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦਾ ਡੀਜੀਪੀ ਵਾਰ-ਵਾਰ ਨਾ ਬਦਲਿਆ ਜਾਵੇ ਜਿਹੜਾ ਡੀਜੀਪੀ ਹੁਣ ਲੱਗਿਆ ਹੈ ਇਸ ਨੂੰ 4-5 ਸਾਲ ਰਹਿਣ ਦਿੱਤਾ ਜਾਵੇ।
ਰਾਜਪਾਲ ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਪਾਕਿ ਤੋਂ ਡਰੋਨ ਆਇਆ
ਗੁਰਦਾਸਪੁਰ: ਰਾਜਪਾਲ ਬੀਐੱਲ ਪੁਰੋਹਿਤ ਤੇ ਡੀਜੀਪੀ ਗੌਰਵ ਯਾਦਵ ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਹੀ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵੱਲ ਡਰੋਨ ਭੇਜਿਆ ਗਿਆ। ਇਸ ਮੌਕੇ ਬੀਐਸਐਫ ਜਵਾਨਾਂ ਨੇ ਨੌਂ ਗੋਲੀਆਂ ਚਲਾਈਆਂ ਤੇ ਡਰੋਨ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। ਬੀਐੱਸਐੱਫ ਅਧਿਕਾਰੀਆਂ ਅਨੁਸਾਰ ਪਾਕਿਸਤਾਨ ਵੱਲੋਂ ਸਰਹੱਦ ਨੇੜੇ ਡਰੋਨ ਭੇਜਿਆ ਗਿਆ ਪਰ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ ਜਿਸ ਕਾਰਨ ਡਰੋਨ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਪੂਰੇ ਖੇਤਰ ਵਿਚ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।