ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 31 ਮਾਰਚ
ਕੇਰਲ ਦੀ ਇੱਕ ਗੈਰ-ਸਰਕਾਰੀ ਸੰਸਥਾ- ‘ਰਿਲੀਫ ਐਂਡ ਚੈਰੀਟੇਬਲ ਫਾਊਂਡੇਸ਼ਨ’ (ਆਰਸੀਐੱਫਆਈ) ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਘੱਟੋ-ਘੱਟ ਤਿੰਨ ਮਸਜਿਦਾਂ ਦੀ ਉਸਾਰੀ ਲਈ ਫੰਡ ਮੁਹੱਈਆ ਕਰਵਾਉਣ ਦੇ ਮਾਮਲੇ ਨੇ ਸੁਰੱਖਿਆ ਏਜੰਸੀਆਂ ਦਾ ਧਿਆਨ ਖਿੱਚਿਆ ਹੈ। ਇਸ ਸੰਸਥਾ ਦੀ ਪੰਜਾਬ ਵਿੱਚ ਕੋਈ ਇਕਾਈ ਨਹੀਂ ਹੈ। ਵਿਦੇਸ਼ ਰਹਿੰਦੇ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਮਸਜਿਦਾਂ ਦੀ ਉਸਾਰੀ ਲਈ ਦਿੱਤੇ ਗਏ ਇਹ ਫੰਡ ਬਾਰਾਮੂਲਾ ਜ਼ਿਲ੍ਹੇ ਨਾਲ ਸਬੰਧਤ ਦੋ ਕਸ਼ਮੀਰੀ ਵਸਨੀਕਾਂ ਵੱਲੋਂ ਮੁਹੱਈਆ ਕਰਵਾਏ ਗਏ, ਜਿਨ੍ਹਾਂ ਉਸਾਰੀ ਕਾਰਜ ਦੀ ਨਿਗਰਾਨੀ ਕੀਤੀ ਤੇ ਬਿੱਲਾਂ ਦਾ ਭੁਗਤਾਨ ਕੀਤਾ। ਇਹ ਮਸਜਿਦਾਂ ਸਾਲ 2015-17 ਦੇ ਅਰਸੇ ਦੌਰਾਨ ਬਣੀਆਂ ਹਨ ਤੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ 40 ਤੋਂ 70 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਮੁਤਾਬਕ ਆਰਸੀਐੱਫਆਈ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸਥਿਤ ਇਨ੍ਹਾਂ ਮਸਜਿਦਾਂ ਦੀ ਉਸਾਰੀ ਲਈ 70 ਕਰੋੜ ਦੇ ਕੌਮਾਂਤਰੀ ਫੰਡ ਮੁਹੱਈਆ ਕਰਵਾਏ। ਭਰੋਸੇਯੋਗ ਸੂਤਰਾਂ ਮੁਤਾਬਕ ਮੰਤਰਾਲੇ ਨੇ ਅਗਸਤ 2021 ਵਿੱਚ ਫੰਡਿੰਗ ਬੰਦ ਕਰ ਦਿੱਤੀ ਹੈ। ਪੰਜਾਬ ਪੁਲੀਸ ਅਤੇ ਦੂਜੀਆਂ ਸੁਰੱਖਿਆ ਏਜੰਸੀਆਂ ਨੇ ਵੀ ਇਸ ਮਸਲੇ ’ਤੇ ਫ਼ਿਕਰਮੰਦੀ ਜ਼ਾਹਰ ਕੀਤੀ ਹੈ। ਸੂਤਰਾਂ ਦੀ ਰਿਪੋਰਟ ਮੁਤਾਬਕ ਆਰਸੀਐੱਫਆਈ ਵੱਲੋਂ ਦਿੱਤੇ ਗਏ ਸ਼ੱਕੀ ਫੰਡਾਂ ਰਾਹੀਂ ਫ਼ਰੀਦਕੋਟ ਵਿੱਚ ਤਿੰਨ ਮਸਜਿਦਾਂ ਦੀ ਉਸਾਰੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਫ਼ਿਰੋਜ਼ਪੁਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ 200 ਤੋਂ ਵੱਧ ਮਸਜਿਦਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਦਰ ਨਵੀਆਂ ਬਣੀਆਂ ਹਨ। ਉਨ੍ਹਾਂ ਲਈ ਸਰਹੱਦ ਦੇ ਨੇੜਿਓਂ 10 ਕਿਲੋਮੀਟਰ ਦੇ ਘੇਰੇ ਵਿੱਚ ਫੰਡਿੰਗ ਹੋਣੀ ਵੀ ਜਾਂਚ ਦਾ ਵਿਸ਼ਾ ਹੈ। ਆਰਸੀਐੱਫਆਈ ਨੇ ਫੋਨ, ਵਟਸਐਪ ਤੇ ਈ-ਮੇਲ ਰਾਹੀਂ ਮਸਜਿਦਾਂ ਦੀ ਫੰਡਿੰਗ ਸਬੰਧੀ ‘ਦਿ ਟ੍ਰਿਬਿਊਨ’ ਵੱਲੋਂ ਪੁੱਛੇ ਸੁਆਲਾਂ ਦਾ ਕੋਈ ਜੁਆਬ ਨਹੀਂ ਦਿੱਤਾ ਹੈ। ਆਰਸੀਐੱਫਆਈ ਦੇ ਇੱਕ ਬੁਲਾਰੇ ਜਿਸਨੇ ਆਪਣੀ ਪਛਾਣ ਸਲੀਮ ਉਸਤਾਦ ਵਜੋਂ ਦੱਸੀ ਹੈ, ਨੇ ਕਈ ਫੋਨ ਕਾਲਾਂ ਮਗਰੋਂ ਮੰਨਿਆ ਕਿ ਸੰਸਥਾ ਦੀ ਪੰਜਾਬ ਵਿੱਚ ਕੋਈ ਇਕਾਈ ਨਹੀਂ ਹੈ। ਉਸ ਨੇ ਕਿਹਾ ਕਿ ਲਾਏ ਗਏ ਦੋਸ਼ਾਂ ਦਾ ਵਿਸਤਾਰ ’ਚ ਜੁਆਬ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਉਸ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਰਸੀਐੱਫਆਈ ਸਮਾਜਿਕ ਭਲਾਈ ਦੇ ਕੰਮ ਕਰਦੀ ਹੈ, ਜੋ ਕੇਂਦਰ ਸਰਕਾਰ ਵੱਲੋਂ ਕੌਮਾਂਤਰੀ ਫੰਡਿੰਗ ’ਤੇ ਲਾਏ ਅਸਥਾਈ ਪਾਬੰਦੀ ਕਾਰਨ ਪ੍ਰਭਾਵਿਤ ਹੋ ਰਹੇ ਰਹੇ ਹਨ।
ਗੈਰ-ਫ਼ਿਰਕੂ ਸੰਸਥਾ ਹੋਣ ਦਾ ਦਾਅਵਾ
ਆਰਸੀਐੱਫਆਈ ਦੀ ਵੈੱਬਸਾਈਟ ਮੁਤਾਬਕ ਇਹ ਇੱਕ ਗੈਰ-ਫ਼ਿਰਕੂ ਸੰਸਥਾ ਹੈ, ਜੋ ਸਾਲ 2000 ਵਿੱਚ ਹੇਠਲੇ ਪੱਧਰ ’ਤੇ ਪਿਛਲੇ ਵਰਗਾਂ ਦਾ ਸਮਾਜਿਕ-ਸੱਭਿਆਚਾਰਕ ਪੱਧਰ ਉੱਚਾ ਚੁੱਕਣ ਦੇ ਟੀਚੇ ਨਾਲ ਬਣਾਈ ਗਈ ਸੀ। ਇਸ ਨੇ ਆਪਣੇ ਕਿਸੇ ਟੀਚੇ ਵਜੋਂ ਮਸਜਿਦਾਂ ਦੀ ਉਸਾਰੀ ਸਬੰਧੀ ਜ਼ਿਕਰ ਨਹੀਂ ਕੀਤਾ। ਇਸ ਨੇ ਦਾਅਵਾ ਕੀਤਾ,‘ਆਰਸੀਐੱਫਆਈ ਦਾ ਮਕਸਦ ਮੁਲਕ ਵਿੱਚ ਵੱਖ-ਵੱਖ ਥਾਵਾਂ ’ਤੇ ਰਹਿ ਰਹੇ ਦੱਬੇ-ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਇਹ ਸੰਸਥਾ ਕੌਮੀ ਤੇ ਕੌਮਾਂਤਰੀ ਫੰਡਿੰਗ ਏਜੰਸੀਆਂ, ਲੋਕਾਂ ਦੇ ਯੋਗਦਾਨ ਤੇ ਵਿਅਕਤੀਗਤ ਦਾਨ ਦੇਣ ਵਾਲਿਆਂ ਦੀ ਮਦਦ ਨਾਲ ਪਹਿਲਾਂ ਹੀ ਮੁਲਕ ਦੇ 24 ਰਾਜਾਂ ਵਿੱਚ 2.35 ਮਿਲੀਅਨ ਲੋਕਾਂ ਤੱਕ ਸਿੱਧੇ ਤੌਰ ’ਤੇ ਜੁੜ ਚੁੱਕੀ ਹੈ।