ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਜ਼ੀਫਾ ਘੁਟਾਲੇ ’ਤੇ ਕਿਹਾ ਕਿ ਗੱਠਜੋੜ ਸਰਕਾਰ ਦੇ ਬੀਜੇ ਕੰਡੇ ਹੁਣ ਕਾਂਗਰਸ ਸਰਕਾਰ ਨੂੰ ਚੁਗਣੇ ਪੈ ਰਹੇ ਹਨ। ਜਾਖੜ ਨੇ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬਾਰੇ ਕੋਈ ਟਿੱਪਣੀ ਕਰਨ ਤੋਂ ਪਾਸਾ ਵੱਟਦਿਆਂ ਕਿਹਾ ਕਿ ਸੋਮਵਾਰ ਜਾਂ ਮੰਗਲਵਾਰ ਤੱਕ ਵਜ਼ੀਫਾ ਮਾਮਲੇ ਦੀ ਮੁੱਖ ਸਕੱਤਰ ਰਿਪੋਰਟ ਦੇ ਦੇਣਗੇ, ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜੋ ਵੀ ਕਸੂਰਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਆਖਿਆ ਕਿ ਵਜ਼ੀਫਾ ਘੁਟਾਲੇ ਦਾ ਮੁੱਢ ਗੱਠਜੋੜ ਸਰਕਾਰ ਸਮੇਂ ਬੱਝਾ। ਜਾਖੜ ਨੇ ਰਿਕਾਰਡ ਵੀ ਅੱਜ ਦਿਖਾਇਆ ਕਿ ਉਦੋਂ ਵਿਧਾਨ ਸਭਾ ਵਿਚ ਇਸ ਘੁਟਾਲੇ ਦੀ ਜਾਂਚ ਵਿਜੀਲੈਂਸ ਤੋਂ ਕਰਾਏ ਜਾਣ ਦੀ ਗੱਲ ਆਖੀ ਗਈ ਸੀ। ਜਾਖੜ ਨੇ ਕਿਹਾ ਕਿ ਅੱਜ ਉਹੀ ਅਕਾਲੀ ਦਲ ਮੁੱਖ ਸਕੱਤਰ ਦੀ ਪੜਤਾਲ ਦੀ ਚਾਰ ਦਿਨ ਉਡੀਕ ਨਹੀਂ ਕਰ ਸਕਦਾ, ਜਿਸ ਨੇ ਖੁਦ ਸਰਕਾਰ ਹੁੰਦੇ ਪੜਤਾਲ ਨਹੀਂ ਕਰਾਈ ਸੀ। ਉਨ੍ਹਾਂ ਕਿਹਾ ਕਿ ਵਜ਼ੀਫਾ ਮਾਮਲੇ ‘ਤੇ ਦਲਿਤ ਬੱਚਿਆਂ ਦੇ ਭਵਿੱਖ ‘ਤੇ ਵੱਡਾ ਡਾਕਾ ਮੋਦੀ ਸਰਕਾਰ ਨੇ ਮਾਰਿਆ ਹੈ ਪ੍ਰੰਤੂ ਸੁਖਬੀਰ ਬਾਦਲ ਸਮੇਤ ਕਿਸੇ ਵੀ ਪੰਜਾਬ ਨਾਲ ਸਬੰਧਤ ਕੇਂਦਰੀ ਮੰਤਰੀ ਨੇ ਦਲਿਤ ਬੱਚਿਆਂ ਲਈ ਨਿਆਂ ਲੈਣ ਵਾਸਤੇ ਕੇਂਦਰ ਕੋਲ ਆਵਾਜ਼ ਤੱਕ ਨਹੀਂ ਉਠਾਈ। ਜਾਖੜ ਨੇ ਸੁਖਬੀਰ ਬਾਦਲ ਨੂੰ ਸੁਆਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਕਦੋਂ ਉਨ੍ਹਾਂ ਨੇ ਕੇਂਦਰ ਕੋਲ ਵਜ਼ੀਫਾ ਸਕੀਮ ਬਾਰੇ ਦਲਿਤ ਬੱਚਿਆਂ ਦਾ ਮਾਮਲਾ ਰੱਖਿਆ। ਜਾਖੜ ਨੇ ਕਿਹਾ ਕਿ ਯੂ.ਪੀ.ਏ ਦੀ ਸਰਕਾਰ ਸਮੇਂ ਪੰਜਾਬ ਦੇ ਦਲਿਤ ਬੱਚਿਆਂ ਨੂੰ 800 ਕਰੋੜ ਦੀ ਵਜ਼ੀਫਾ ਰਾਸ਼ੀ ਆਉਂਦੀ ਰਹੀ ਹੈ। ਮੋਦੀ ਸਰਕਾਰ ਨੇ ਵਜ਼ੀਫਾ ਰਾਸ਼ੀ ਦੇਣ ਤੋਂ ਹੱਥ ਪਿਛਾਂਹ ਖਿੱਚ ਲਿਆ ਅਤੇ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ’ਤੇ ਪਾ ਦਿੱਤੀ। ਜਾਖੜ ਨੇ ਕਿਹਾ ਕਿ ਰਾਜ ਸਰਕਾਰ ਏਡੀ ਵੱਡੀ ਰਾਸ਼ੀ ਦੇ ਪ੍ਰਬੰਧ ਲਈ ਪਹੁੰਚ ਵਿਚ ਨਹੀਂ ਹੈ। ਜਾਖੜ ਨੇ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਨੇ ਦਲਿਤ ਬੱਚਿਆਂ ਨਾਲ ਧਰੋਹ ਕਮਾਇਆ ਹੈ।