ਪੱਤਰ ਪ੍ਰੇਰਕ
ਲੰਬੀ, 14 ਸਤੰਬਰ
64 ਕਰੋੜ ਰੁਪਏ ਦੇ ਵਜ਼ੀਫ਼ਾ ਘਪਲੇ ’ਚ ਘਿਰੇ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਮਾਜਿਕ ਨਿਆਂ ਅਤੇ ਭਲਾਈ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੇ ਇਸ ਮਾਮਲੇ ’ਚ ਵਿਭਾਗੀ ਪੜਤਾਲ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਮੰਤਰਾਲੇ ਦੇ ਸਕੱਤਰ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੇ ਕਰੀਬ 64 ਕਰੋੜ ਰੁਪਏ ਦੇ ਘਪਲੇ ਬਾਰੇ 29 ਅਗਸਤ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਭਲਾਈ ਮੰਤਰੀ ਨੂੰ ਪੱਤਰ ਲਿਖ ਕੇ ਘਪਲੇ ਦੀ ਸੀਬੀਆਈ ਦੀ ਜਾਂਚ ਮੰਗੀ ਸੀ। ਇਸੇ ਪੱਤਰ ਦੇ ਆਧਾਰ ’ਤੇ ਪੜਤਾਲ ਸ਼ੁਰੂ ਹੋਈ ਹੈ। ਦੱਸਣਯੋਗ ਹੈ ਕਿ ਵਜ਼ੀਫ਼ੇ ਨਾ ਮਿਲਣ ਕਰਕੇ ਪੰਜਾਬ ਦੇ 1.80 ਲੱਖ ਗ਼ਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਵਿਚਾਲੇ ਛੱਡਣੀ ਪਈ ਹੈ, ਜਿਸ ਕਰਕੇ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਚ ਕੈਪਟਨ ਪ੍ਰਤੀ ਗੁੱਸਾ ਬਣਿਆ ਹੋਇਆ ਹੈ।