ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜਨਵਰੀ
ਕਾਂਗਰਸ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਪਹਿਲਾਂ ਵਜ਼ੀਫ਼ਾ ਸਕੀਮ ਵਿੱਚ ਕਥਿਤ ਗੜਬੜੀ ਕਰਨ ਵਾਲੇ ਵਿੱਦਿਅਕ ਅਦਾਰਿਆਂ ਨੂੰ ਦਿੱਤੀ ਮੁਆਫ਼ੀ ਦਾ ਮੁੱਦਾ ਗਰਮਾਉਣ ਲੱਗਾ ਹੈ| ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵੱਡੇ ਵਿੱਦਿਅਕ ਅਦਾਰਿਆਂ ਨੂੰ ਪੁਲੀਸ ਕੇਸ ਤੋਂ ਬਖ਼ਸ਼ਣ ਦੇ ਮਾਮਲੇ ‘ਤੇ ਕਿਹਾ ਕਿ ਪੰਜਾਬ ਸਰਕਾਰ ਨੇ ਵਜ਼ੀਫ਼ਾ ਘੁਟਾਲਾ ਕਰਨ ਵਾਲਿਆਂ ਨੂੰ ਸਜ਼ਾ ਤਾਂ ਕੀ ਦੇਣੀ ਸੀ, ਉਲਟਾ ਕੈਬਨਿਟ ਨੇ ਵਿੱਦਿਅਕ ਅਦਾਰਿਆਂ ਨੂੰ ਪੁਲੀਸ ਕੇਸ ਤੋਂ ਬਚਾ ਕੇ ਦਲਿਤ ਬੱਚਿਆਂ ਪ੍ਰਤੀ ਧਰੋਹ ਕਮਾਇਆ ਹੈ| ਉਨ੍ਹਾਂ ਕਿਹਾ ਕਿ ਵਜ਼ੀਫ਼ਾ ਘੁਟਾਲੇ ’ਚ ਸ਼ਾਮਲ ਵਿੱਦਿਅਕ ਅਦਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਦਲਿਤ ਬੱਚਿਆਂ ਦੇ ਵਜ਼ੀਫ਼ੇ ਵਿੱਚ ਹੇਰ-ਫੇਰ ਕੀਤੀ ਗਈ ਹੈ| ਅੱਜ ਪ੍ਰੈੱਸ ਕਾਨਫ਼ਰੰਸ ਵਿਚ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਵਜ਼ੀਫ਼ਾ ਘੁਟਾਲਾ ਮਾਮਲੇ ਵਿਚ ਦਲਿਤ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਾਵੇਗਾ|