ਸੁੰਦਰ ਨਾਥ ਆਰੀਆ/ਪਰਮਜੀਤ ਸਿੰਘ/ਰਾਜਿੰਦਰ ਕੁਮਾਰ
ਅਬੋਹਰ/ਫਾਜ਼ਿਲਕਾ/ਬੱਲੂਆਣਾ, 9 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪਿੰਡ ਘੁੜਿਆਣਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਐਸਸੀ ਵਜ਼ੀਫ਼ਾ ਘਪਲੇ ’ਚ ਕਾਰਵਾਈ ਨਹੀਂ ਕਰ ਰਹੇ ਕਿਉਂਕਿ ਇਸ ਗ਼ੁਨਾਹ ਦਾ ਪੈਸਾ ਹਾਈ ਕਮਾਂਡ ਨੂੰ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸਸੀ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਪਿਛਲੇ ਸਾਲ ਹੋਈ ਜ਼ਿਮਨੀ ਚੋਣ ਵੇਲੇ ਫਗਵਾੜਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਗਈ ਤੇ ਅਜਿਹਾ 19.61 ਕਰੋੜ ਰੁਪਏ ਅਯੋਗ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਦੇਣ ਦੀ ਪ੍ਰਵਾਨਗੀ ਦੇਣ ਦੇ ਕੁਝ ਹੀ ਦਿਨਾਂ ਅੰਦਰ ਹੋਇਆ। ਉਨ੍ਹਾਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਇਕ ਨਕਲੀ ਜਾਂਚ ਰਾਹੀਂ ਮੁੱਖ ਮੰਤਰੀ ਘਪਲੇ ’ਤੇ ਪਰਦਾ ਪਾਉਣਾ ਚਾਹੁੰਦੇ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਐਸਸੀ ਭਲਾਈ ਵਿਭਾਗ ਦੀ ਅਗਵਾਈ ਕਰ ਰਹੇ ਬਰਾਬਰ ਦੇ ਸੀਨੀਅਰ ਅਧਿਕਾਰੀ ਨੇ ਸਾਧੂ ਸਿੰਘ ਧਰਮਸੋਤ ਅਤੇ ਬਲਵਿੰਦਰ ਧਾਲੀਵਾਲ ਨੂੰ ਮੁਜਰਮ ਠਹਿਰਾਇਆ ਹੈ ਤਾਂ ਫਿਰ ਜਾਂਚ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਸੀਬੀਆਈ ਜਾਂਚ ਦੇ ਨਾਲ-ਨਾਲ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਹੀ ਇਸ ਕੇਸ ਦਾ ਸੱਚ ਸਾਹਮਣੇ ਲਿਆ ਸਕਦੀ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਾਲ ਹੀ ਵਿਚ ਹਾਈ ਕੋਰਟ ਵਿਚ ਹਲਫ਼ੀਆ ਬਿਆਨ ਦਾਇਰ ਕਰ ਕੇ ਗੁੰਡਾ ਟੈਕਸ ਵਸੂਲਣ ਦੀ ਸੀਬੀਆਈ ਜਾਂਚ ਦਾ ਵਿਰੋਧ ਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਬਚਾਉਣ ਲਈ ਪੱਬਾਂ ਭਾਰ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਕਾਂਗਰਸ ਦੇ ਰਾਜ ਵਿਚ ਦੁਖੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਦੋ ਦਰਜਨ ਦੇ ਲਗਭਗ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਏਕੜ ਰਕਬੇ ਵਿਚ ਫ਼ਸਲ ਤਬਾਹ ਹੋ ਗਈ ਹੈ ਪਰ ਕਾਂਗਰਸ ਸਰਕਾਰ ਨੂੰ ਕੋਈ ਫ਼ਰਕ ਨਹੀਂ ਪਿਆ। ਲੋਕਾਂ ਦੀਆਂ ਸ਼ਿਕਾਇਤ ਸੁਣਨ ਵਾਸਤੇ ਕਿਸੇ ਅਫ਼ਸਰ ਦੀ ਡਿਊਟੀ ਨਹੀਂ ਲਗਾਈ ਅਤੇ ਇਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।