ਪਾਲ ਸਿੰਘ ਨੌਲੀ
ਜਲੰਧਰ, 17 ਸਤੰਬਰ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ 63 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਇੱਥੋਂ ਦੇ ਲੰਮਾ ਪਿੰਡ ਚੌਕ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਆਟੋ ਰਿਕਸ਼ਿਆਂ ਵਿਚ ਆਏ ਬੈਂਸ ਭਰਾਵਾਂ ਦੇ ਨਾਲ ਪਾਰਟੀ ਵਰਕਰਾਂ ਨੇ ‘ਸਾਧੂ ਨਹੀਂ, ਇਹ ਚੋਰ ਹੈ’ ਦੇ ਨਾਅਰਿਆਂ ਨਾਲ ਜਲੰਧਰ ਗੂੰਜਣ ਲਾ ਦਿੱਤਾ। ਲੋਕ ਇਨਸਾਫ਼ ਪਾਰਟੀ ਦੇ ਵਰਕਰ ‘ਤਿੰਨ ਟਾਇਰ-ਦੋ ਪੈਰ, ਸਾਧੂ ਤੇਰੀ ਨਹੀਂ ਖੈਰ’ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ।
ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਸ਼ਹਿਰ ਵਿਚ ਰੈਲੀ ਕੱਢਣੀ ਸੀ ਪਰ ਪੁਲੀਸ ਨੇ ਪਹਿਲਾਂ ਹੀ ਬੈਂਸ ਭਰਾਵਾਂ ਨੂੰ ਹਿਰਾਸਤ ਵਿਚ ਲੈ ਲਿਆ। ਬੈਂਸ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲੀਸ ਬੱਸਾਂ ਵਿਚ ਬਿਠਾ ਕੇ ਲੈ ਗਈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪੁਲੀਸ ਦੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ। ਜਦੋਂ ਤਕ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ।
ਜਾਣਕਾਰੀ ਅਨੁਸਾਰ ਵਜ਼ੀਫ਼ਾ ਘਪਲੇ ਸਬੰਧੀ ਮੁਜ਼ਾਹਰਾ ਕਰਨ ਲਈ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਸਾਥੀਆਂ ਸਮੇਤ ਲੰਮਾ ਪਿੰਡ ਚੌਕ ’ਚ ਇਕੱਠੇ ਤਾਂ ਹੋਏ ਪਰ ਥਾਣਾ ਸੂਰਯਾ ਐਨਕਲੇਵ ਦੀ ਪੁਲੀਸ ਨੇ ਏਸੀਪੀ ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਤੇ ਐੱਸਐੱਚਓ ਸੁਲੱਖਣ ਸਿੰਘ ਦੀ ਅਗਵਾਈ ਹੇਠ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ 25 ਸਾਥੀਆਂ ਨੂੰ ਬਿਨਾਂ ਆਗਿਆ ਇਕੱਤਰਤਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਮਹਾਮਾਰੀ ਰੋਕਣ ਬਾਰੇ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।