ਕੁਲਦੀਪ ਸਿੰਘ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਮੁੱਦੇ ’ਤੇ ਅੱਜ ਪੰਜਾਬ ਵਿਧਾਨ ਸਭਾ ਵੱਲ ਹੱਲਾ ਬੋਲ ਰੋਸ ਮਾਰਚ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਬੈਰੀਕੇਡ ਲਾ ਕੇ ਰਸਤੇ ਵਿੱਚ ਰੋਕਿਆ ਗਿਆ ਅਤੇ ਕਈ ਪਾੜ੍ਹਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਧੱਕਾਮੁੱਕੀ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਵਿੱਚੋਂ ਸੂਬਾ ਸਕੱਤਰ ਚਿਰਾਂਸ਼ੂ ਰਤਨ, ਪਾਰਸ, ਅਜੇ, ਜਤਿਨ ਆਦਿ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਕੁਝ ਸਮਾਂ ਥਾਣੇ ਵਿੱਚ ਰੱਖਣ ਮਗਰੋਂ ਵਾਪਸ ਭੇਜ ਦਿੱਤਾ।
ਜਥੇਬੰਦੀ ਦੇ ਸੂਬਾ ਸਕੱਤਰ ਚਿਰਾਂਸ਼ੂ ਰਤਨ ਨੇ ਕਿਹਾ ਕਿ ਭਲਾਈ ਵਿਭਾਗ ਵਿੱਚ 64 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਦੋਸ਼ ਲੱਗੇ ਤੇ ਸਬੰਧਤ ਸਰਕਾਰੀ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ। ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਵਿੱਚ ਘੁਟਾਲਾ ਕਰਨ ਸਬੰਧੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਜਾਂਚ ਸੇਵਾਮੁਕਤ ਜੱਜ ਰਾਹੀਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸੂਬਾ ਸਰਕਾਰ ਵਿਦਿਆਰਥੀਆਂ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਜਥੇਬੰਦੀ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਕੋਲ ਇਸ ਮਾਮਲੇ ਵਿਚ ਦਖਲ ਮੰਗੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਘੁਟਾਲੇ ਦਾ ਅਸਲ ਨਤੀਜਾ ਸਾਹਮਣੇ ਆਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।
ਜਲੰਧਰ ’ਚ ਵਿਦਿਆਰਥੀਆਂ ਨਾਲ ਪੁਲੀਸ ਨੇ ਕੀਤੀ ਧੱਕਾਮੁੱਕੀ
ਜਲੰਧਰ (ਪਾਲ ਸਿੰਘ ਨੌਲੀ): ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ’ਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਉਦੋਂ ਧੱਕਾਮੁੱਕੀ ਹੋ ਗਈ ਜਦੋਂ ਵਿਦਿਆਰਥੀ ਆਪਣੀ ਦਿੱਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਦਫਤਰ ਨੂੰ ਰੋਸ ਵਜੋਂ ਤਾਲਾ ਲਗਾਉਣ ਲਈ ਆਏ । ਵਿਦਿਆਰਥੀ ਸੰਘਰਸ਼ ਮੋਰਚਾ ਦੇ ਕਾਰਕੁਨਾਂ ਨੇ ਡੀਸੀ ਦਫ਼ਤਰ ਅੰਦਰ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨਾਲ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਨਾ ਕਰਵਾਉਣ ਤੋਂ ਸੰਘਰਸ਼ ਕਰ ਰਹੇ ਵਿਦਿਆਰਥੀ ਭੜਕ ਉਠੇ। ਡੀਸੀ ਦੀ ਥਾਂ ’ਤੇ ਵਧੀਕ ਡਿਪਟੀ ਕਮਿਸ਼ਨਰ ਨਾਲ ਰੱਖੀ ਗਈ ਮੀਟਿੰਗ ਦਾ ਵਿਦਿਆਰਥੀਆਂ ਨੇ ਬਾਈਕਾਟ ਕਰ ਦਿੱਤਾ ਤੇ ਦਫਤਰ ਕੰਪਲੈਕਸ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀ ਦਫਤਰ ਕੰਪਲੈਕਸ ਦੇ ਅੰਦਰ ਹੀ ਧਰਨਾ ਦੇਣ ’ਤੇ ਅੜੇ ਰਹੇ। ਵਿਦਿਆਰਥੀਆਂ ਦੀ ਪੁਲੀਸ ਨਾਲ ਕਈ ਵਾਰ ਧੱਕਾ-ਮੁੱਕੀ ਹੋਈ। ਹਾਲਾਂਕਿ ਪੁਲੀਸ ਨੇ ਤਾਕਤ ਦੀ ਵਰਤੋਂ ਕਰਦਿਆਂ ਨੇ ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ਨੂੰ ਉੱਥੋਂ ਉਠਾ ਦਿੱਤਾ ਤੇ ਗੇਟ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਬੀਐੱਮਸੀ ਚੌਕ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ। ਵਿਦਿਆਰਥੀ ਆਗੂ ਦੀਪਕ ਬਾਲੀ, ਨਵਦੀਪ ਦਕੋਹਾ, ਲਖਬੀਰ ਵਿਰਦੀ, ਰਣਬੀਰ ਸਿੰਘ ਤੇ ਲਖਵੀਰ ਸਿੰਘ ਨੇ ਪੁਲੀਸ ਦੇ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਨਸਾਫ਼ ਲਈ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਪਰ ਪੁਲੀਸ ਆਪਣੀਆਂ ਹੱਦਾਂ ਪਾਰ ਕਰਕੇ ਡੰਡੇ ਨਾਲ ਦਲਿਤਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਡਿਪਟੀ ਕਮਿਸ਼ਨਰ ਨਾਲ 20 ਅਕਤੂਬਰ ਨੂੰ ਮੀਟਿੰਗ ਤੈਅ ਕੀਤੀ ਗਈ ਹੈ।ਬਹੁਜਨ ਸਮਾਜ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੂੰ ਦਾਖਲੇ ਵਿੱਚ ਸਮੱਸਿਆ ਆ ਰਹੀ ਹੈ ਜਾਂ ਕਾਲਜਾਂ ਵਾਲੇ ਡਿਗਰੀਆਂ ਨਹੀਂ ਦੇ ਰਹੇ ਉਨ੍ਹਾਂ ਵਿਦਿਆਰਥੀਆਂ ਦੇ ਮਾਪੇ ਭਲਕੇ ਹੋਣ ਵਾਲੀ ਮੀਟਿੰਗ ਲਈ ਪਹੁੰਚਣ। ਇਸ ਮੌਕੇ ਸ੍ਰੀ ਗੁਰੂ ਰਵੀਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਅਤੇ ਭਗਵਾਨ ਵਾਲਮੀਕ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਜੈ ਖੋਸਲਾ ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।