ਹਰਵਿੰਦਰ ਕੌਰ ਨੌਹਰਾ
ਨਾਭਾ, 11 ਸਤੰਬਰ
ਵਜ਼ੀਫਾ ਘਪਲੇ ’ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਅੱਜ ‘ਆਪ’ ਆਗੂਆਂ ਨੇ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਅਰਥੀ ਫੂਕ ਮੁਹਾਜ਼ਰਾ ਕੀਤਾ। ਉਹ ਕੈਬਨਿਟ ਮੰਤਰੀ ਦੀ ਰਿਹਾਇਸ਼ ਵੱਲ ਜਾ ਰਹੇ ਸਨ ਪਰ ਭਾਰੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਉਪਰੰਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੂੰ ਧਰਮਸੋਤ ਖ਼ਿਲਾਫ਼ ਕਾਰਵਾਈ ਕਰਨ ਦਾ 20 ਦਿਨਾਂ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕ ਲਿਆ ਗਿਆ। ‘ਆਪ’ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਾਰਵਾਈ ਨਾ ਹੋਈ ਤਾਂ ਮੁੱਖ ਮੰਤਰੀ ਦਾ ਫਾਰਮ ਹਾਊਸ ਘੇਰਿਆ ਜਾਵੇਗਾ।
ਜਾਣਕਾਰੀ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਸਬੰਧੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਨੇੜੇ ਧਰਨੇ ’ਤੇ ਬੈਠੇ ‘ਆਪ’ ਆਗੂਆਂ ਨੂੰ ਕੱਲ੍ਹ ਪੁਲੀਸ ਨੇ ਕਰੋਨਾ ਟੈਸਟ ਕਰਵਾਉਣ ਦੇ ਬਹਾਨੇ ਚੁੱਕ ਕੇ ਸਾਰਾ ਦਿਨ ਥਾਣੇ ਵਿੱਚ ਬੰਦ ਰੱਖਿਆ। ਉਪਰੰਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਪ੍ਰੋ. ਬਲਜਿੰਦਰ ਕੌਰ ਸਣੇ ਸੀਨੀਅਰ ਆਗੂ ਨਾਭੇ ਪੁੱਜੇ ਤੇ ਥਾਣਾ ਕੋਤਵਾਲੀ ਦੇ ਗੇਟ ਮੂਹਰੇ ਧਰਨਾ ਲਾ ਦਿੱਤਾ। ਉਹ ਪਾਰਟੀ ਆਗੂਆਂ ਨੂੰ ਬਿਨਾਂ ਸ਼ਰਤ ਛੱਡਣ ਦੀ ਮੰਗ ਕਰਦੇ ਰਹੇ। ਅਖੀਰ ਪੁਲੀਸ ਨੇ ਦੇਰ ਰਾਤ ਥਾਣੇ ’ਚ ਬੰਦ ਗੁਰਦੇਵ ਸਿੰਘ ਮਾਨ, ਚੇਤਨ ਜੌੜੇਮਾਜਰਾ, ਕਰਨਵੀਰ ਟਿਵਾਣਾ, ਜੱਸੀ ਸੋਹੀਆਂ ਤੇ ਬਰਿੰਦਰ ਬਿੱਟੂ ਨੂੰ ਛੱਡ ਦਿੱਤਾ। ਰਿਹਾਈ ਮਗਰੋਂ ‘ਆਪ’ ਆਗੂ ਮੁੜ ਮੰਤਰੀ ਦੇ ਰਿਹਾਇਸ਼ ਨੇੜਲੇ ਧਰਨੇ ਵਾਲੀ ਥਾਂ ’ਤੇ ਆ ਕੇ ਬੈਠ ਗਏ। ਵਿਧਾਇਕਾ ਬਲਜਿੰਦਰ ਕੌਰ ਪੂਰੀ ਰਾਤ ਧਰਨੇ ’ਤੇ ਡਟੇ ਰਹੇ।
ਅੱਜ ਸਵੇਰੇ ‘ਆਪ’ ਆਗੂਆਂ ਤੇ ਵਰਕਰਾਂ ਨੇ ਮੰਤਰੀ ਧਰਮਸੋਤ ਦੀ ਅਰਥੀ ਫੂਕ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਉਹ ਹੱਥਾਂ ਵਿੱਚ ਝੰਡੇ ਤੇ ਧਰਮਸੋਤ ਦੇ ਮੁਖੌਟੇ ਚੁੱਕ ਕੇ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਮੰਤਰੀ ਦੀ ਰਿਹਾਇਸ਼ ਵੱਲ ਤੁਰ ਪਏ ਰਸਤੇ ਵਿੱਚ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਦਿੱਤਾ।
ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਧਰਮਸੋਤ ਨੇ ਕਰੋੜਾਂ ਰੁਪਏ ਦਾ ਵਜ਼ੀਫਾ ਘਪਲਾ ਕਰ ਕੇ ਗਰੀਬ ਵਿਦਿਆਰਥੀਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਠਾਈ ਜਾਂਚ ਟੀਮ ਮੰਤਰੀ ਨੂੰ ਕਲੀਨ ਚਿੱਟ ਦੇਵੇਗੀ। ਇਸ ਲਈ ਘਪਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਆਖਿਆ ਕਿ ਪਾਰਟੀ ਲੀਡਰਸ਼ਿਪ ਦੀਆਂ ਹਦਾਇਤਾਂ ਮੁਤਾਬਕ ਧਰਨਾ ਚੁੱਕਿਆ ਜਾ ਰਿਹਾ ਹੈ ਅਤੇ ਜੇਕਰ ਮੁੱਖ ਮੰਤਰੀ ਅਗਲੇ ਵੀਹ ਦਿਨਾਂ ਤੱਕ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਕੇ ਉਸ ’ਤੇ ਕਰਵਾਈ ਨਹੀਂ ਕਰਦੇ ਤਾਂ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਜਾਵੇਗਾ।