ਪਾਲ ਸਿੰਘ ਨੌਲੀ
ਜਲੰਧਰ, 1 ਮਾਰਚ
ਧਾਰਮਿਕ, ਸਮਾਜਿਕ ਅਤੇ ਸਿਆਸੀ ਪੱਖਾਂ ’ਤੇ ਬਰਾਬਰ ਪਕੜ ਰੱਖਣ ਵਾਲੇ ਬੁੱਧੀਜੀਵੀ ਪ੍ਰੋ. ਨਿਰੰਜਨ ਸਿੰਘ ਢੇਸੀ ਅਮਰੀਕਾ ’ਚ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਰਹੇ ਪ੍ਰੋ. ਢੇਸੀ ਅੱਜ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਇਨ੍ਹਾਂ ਦਿਨੀਂ ਅਮਰੀਕਾ ਵਿੱਚ ਰਹਿ ਰਹੇ ਸਨ। ਵਿਦਿਆਰਥੀ ਵਰਗ ਵਿੱਚ ਪ੍ਰੋ. ਨਿਰੰਜਨ ਸਿੰਘ ਢੇਸੀ ਦਾ ਬਹੁਤ ਸਤਿਕਾਰ ਪਾਇਆ ਜਾਂਦਾ ਸੀ। ਪ੍ਰੋ. ਨਿਰੰਜਨ ਸਿੰਘ ਢੇਸੀ ਹੁਰਾਂ ਦੇ ਹਰਵਿੰਦਰ ਰਿਆੜ, ਕੇ. ਐੱਸ. ਮੱਖਣ, ਸਰਬਜੀਤ ਚੀਮਾ, ਤੂਤਕ-ਤੂਤਕ ਤੂਤੀਆਂ ਵਾਲੇ ਮਲਕੀਤ ਸਿੰਘ ਆਦਿ ਅਨੇਕਾਂ ਵਿਦਿਆਰਥੀ ਰਹਿ ਚੁੱਕੇ ਹਨ। ਪ੍ਰੋ: ਢੇਸੀ ਦੇ ਵਿਛੋੜੇ ’ਤੇ ਉਨ੍ਹਾਂ ਦੇ ਸਹਿਪਾਠੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ. ਐੱਸ ਪੀ ਸਿੰਘ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਿਊਯਾਰਕ ਤੋਂ ਹਰਵਿੰਦਰ ਰਿਆੜ ਨੇ ‘ਬਾਜ਼ ਟੀ ਵੀ’ ਤੇ ‘ਪੰਜਾਬੀ ਰਾਈਟਰ ਵੀਕਲੀ’ ਦੀ ਸਮੁੱਚੀ ਟੀਮ ਵੱਲੋਂ ਪ੍ਰੋ. ਨਿਰੰਜਨ ਸਿੰਘ ਦੀ ਬੇਵਕਤੀ ਵਿਛੋੜੇ ’ਤੇ ਦੁੱਖ ਜ਼ਾਹਿਰ ਕੀਤਾ ਹੈ।