ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਮਾਰਚ
ਥਾਣਾ ਜੋਧਾਂ ਨੇੜਲੇ ਪਿੰਡ ਖੰਡੂਰ ਵਿੱਚ ਇਕ ਸੜਕ ਹਾਦਸੇ ਦੌਰਾਨ ਨਕਦੀ ਖਿੱਲਰਨ ’ਤੇ ਨਸ਼ੀਲੇ ਪਦਾਰਥਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ। ਪਿੰਡ ਖੰਡੂਰ ਦੇ ਪੰਚ ਜਸਵੀਰ ਸਿੰਘ ਤੇ ਸਾਬਕਾ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਕੁਝ ਔਰਤਾਂ ਦੀ ਇਕ ਐਕਟਿਵਾ ਸਵਾਰ ਵਿਅਕਤੀ ਤੇ ਔਰਤ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦਲਜੀਤ ਕੌਰ ਜ਼ਖ਼ਮੀ ਹੋ ਗਈ ਸੀ ਅਤੇ ਮੌਕੇ ’ਤੇ ਤਕਰਾਰ ਵਧਣ ਕਾਰਨ ਪੁਲੀਸ ਨੂੰ ਸੱਦਿਆ। ਐੱਸਪੀ (ਜਾਂਚ) ਬਲਵਿੰਦਰ ਸਿੰਘ ਅਤੇ ਉਪ ਪੁਲੀਸ ਕਪਤਾਨ (ਜਾਂਚ) ਰਾਜੇਸ਼ ਸ਼ਰਮਾ ਸੀਨੀਅਰ ਪੁਲੀਸ ਅਧਿਕਾਰੀਆਂ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪਿੰਡ ਵਾਸੀਆਂ ਨੇ ਹਾਦਸੇ ਵਾਲੀ ਥਾਂ ਤੋਂ ਭਾਰੀ ਮਾਤਰਾ ਵਿਚ ਰਕਮ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਪੰਚਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਜ਼ਰੀ ’ਚ ਥਾਣਾ ਜੋਧਾਂ ਵਿੱਚ ਰਕਮ ਗਿਣੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਕਰੀਬ 37 ਲੱਖ ਰੁਪਏ ਨਕਦੀ ਮਿਲੀ ਹੈ। ਥਾਣਾ ਜੋਧਾਂ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਬਾਰੇ ਭਲਕੇ ਸੀਨੀਅਰ ਪੁਲੀਸ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਵਿੱਚ ਖ਼ੁਲਾਸਾ ਕਰਨਗੇ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕੁੰਦਨ ਸਿੰਘ, ਉਸ ਦੀ ਪਤਨੀ ਨੀਲਮ ਤੇ ਉਨ੍ਹਾਂ ਦੀ ਰਿਸ਼ਤੇਦਾਰ ਹਰਪ੍ਰੀਤ ਕੌਰ ਪਤਨੀ ਸੁਖਦਿਆਲ ਸਿੰਘ ਸਾਰੇ ਵਾਸੀ ਪਿੰਡ ਮਹਿਤਾਬਗੜ੍ਹ ਜ਼ਿਲ੍ਹਾ ਕਪੂਰਥਲਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਸੀਆਈਏ ਜਗਰਾਉਂ ਭੇਜ ਦਿੱਤਾ ਹੈ। ਪਿੰਡ ਦੇ ਬਾਹਰਵਾਰ ਇੱਕ ਮਕਾਨ ’ਚ ਇਹ ਕਿਰਾਏਦਾਰ ਕਰੀਬ ਡੇਢ ਮਹੀਨਾ ਪਹਿਲਾਂ ਇੱਥੇ ਆਏ ਸਨ।