ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਅਪਰੈਲ
ਵਿਜੀਲੈਂਸ ਬਿਊਰੋ ਨੇ ਪੰਚਾਇਤੀ ਫੰਡਾਂ ਵਿੱਚ ਕਥਿਤ ਘਪਲੇਬਾਜ਼ੀ ਅਤੇ ਘਪਲਿਆਂ ਸਬੰਧੀ ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਦਰਜ ਕੇਸ ਵਿਚ ਪਿੰਡ ਚਾਂਦੂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿਚ ਇਹ ਤੀਜੀ ਗ੍ਰਿਫ਼ਤਾਰੀ ਹੋਈ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਪੰਚਾਇਤ ਸਕੱਤਰ ਅਤੇ ਪਿੰਡ ਨਵਾਂਗਾਓ ਦੇ ਸਾਬਕਾ ਸਰਪੰਚ ਨੂੰ ਅਦਾਲਤ ਵਲੋਂ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਵਿਜੀਲੈਂਸ ਬਿਊਰੋ ਇਕਾਈ ਸੰਗਰੂਰ ਦੇ ਡੀਐੱਸਪੀ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਚਾਂਦੂ, ਰਾਜਲਹੇੜੀ, ਨਵਾਂਗਾਓ ਅਤੇ ਸ਼ੇਰਗੜ੍ਹ ਉਰਫ਼ ਸੀਹਾਂ ਸਿੰਘ ਵਾਲਾ ਵਿਖੇ ਪੰਚਾਇਤੀ ਫੰਡਾਂ ਵਿਚ ਘਪਲੇਬਾਜ਼ੀ ਦੀ ਸ਼ਿਕਾਇਤ ਪਿੰਡ ਨਵਾਂ ਗਾਓ ਦੇ ਲੋਕਾਂ ਨੇ ਪੰਚਾਇਤ ਮੰਤਰੀ ਨੂੰ 2017 ਵਿਚ ਕੀਤੀ ਸੀ ਜਿਸ ਮਗਰੋਂ ਵਿਜੀਲੈਂਸ ਨੇ ਆਈਪੀਸੀ ਦੀਆਂ ਧਾਰਾਵਾ 409, 420, 120ਬੀ, 201 ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਤਹਿਤ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿੱਚ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਇਸ ਕੇਸ ਵਿਚ ਪੰਚਾਇਤ ਸਕੱਤਰ ਧਨਵੰਤ ਸਿੰਘ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਹ ਰਿਮਾਂਡ ’ਤੇ ਹਨ।