ਸੰਜੀਵ ਬੱਬੀ
ਚਮਕੌਰ ਸਾਹਿਬ, 18 ਅਗਸਤ
ਇਥੇ ਪਿੰਡ ਡੱਲਾ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਵੱਲੋਂ ਸਭਾ ਵਿੱਚ ਗਬਨ ਕਰਨ ’ਤੇ ਵਿਭਾਗ ਵੱਲੋਂ ਉਸ ਦੇ ਘਰ ਦੀ ਨਿਲਾਮੀ ਕੀਤੀ ਗਈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੀ ਡੱਲਾ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੇ ਸਕੱਤਰ ਜਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਡੱਲਾ ਦੇ ਕਾਰਜਕਾਲ ਦੌਰਾਨ ਸੰਨ 2013 ਵਿੱਚ ਲੱਖਾਂ ਰੁਪਏ ਦਾ ਘੁਟਾਲਾ ਹੋਇਆ ਸੀ, ਜਿਸ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਅਦਾਲਤੀ ਫੈਸਲੇ ਅਨੁਸਾਰ ਵਿਆਜ ਸਮੇਤ 4926242 ਰੁਪਏ ਦੀ ਡਿਕਰੀ ਸਹਿਕਾਰੀ ਸਭਾ ਡੱਲਾ ਦੇ ਹੱਕ ਵਿੱਚ ਹੋਈ ਸੀ, ਜਿਸ ’ਤੇ ਨੋਟਿਸ ਦੇਣ ਦੇ ਬਾਵਜੂਦ ਰਕਮ ਅਦਾ ਨਹੀਂ ਸੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਮੀਨ ਲਈ 5 ਅਗਸਤ ਨੂੰ ਬੋਲੀ ਰੱਖੀ ਗਈ ਸੀ ਜੋ ਕਿਸੇ ਕਾਰਨ ਸਿਰੇ ਨਹੀਂ ਸੀ ਚੜ੍ਹ ਸਕੀ ਰ ਅੱਜ ਨਿਲਾਮੀ ਪ੍ਰਕਿਰਿਆ ਦੌਰਾਨ ਬਾਅਦਾਲਤ ਸੇਲ ਅਫਸਰ ਕਮ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰੂਪਨਗਰ ਵੱਲੋਂ ਜਸਪਾਲ ਸਿੰਘ ਦੀ ਜ਼ਮੀਨ (ਘਰ) ਦੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਦੌਰਾਨ 6 ਬੋਲੀਕਾਰਾਂ ਨੇ ਬੋਲੀ ਦਿੱਤੀ ਪਰ ਇਹ ਬੋਲੀ ਬੋਲੀਕਾਰ ਬਲਦੇਵ ਰਾਜ ਪੁੱਤਰ ਸੀਤਾ ਰਾਮ ਪਿੰਡ ਮੱਕੋਵਾਲ ਦੇ ਨਾਮ ਸਾਢੇ 14 ਲੱਖ ਰੁਪਏ ’ਚ ਰਹੀ। ਇਸ ਬੋਲੀ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਵਿਭਾਗ ਦੇ ਏਆਰ ਕ੍ਰਿਸ਼ਨ ਕੁਮਾਰ, ਏਆਰ ਜੋਗਿੰਦਰਪਾਲ ਸਿੰਘ ਅਤੇ ਵਿਭਾਗ ਦੇ ਅਧਿਕਾਰੀਆ ਸਮੇਤ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।